ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਨਾਲ ਸ਼ਹੀਦ ਹੋਏ ਸਿੰਘਾਂ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਗੜ੍ਹੀ ਗੁਰਦਾਸ ਨੰਗਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ
ਅੰਮ੍ਰਿਤਸਰ : 20 ਮਈ ( ) ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਹਿਮਤਾਂ ਨਾਲ ਵਰੋਸਾਏ ਹੋਏ ਖਾਲਸਾ ਰਾਜ ਦੇ ਰੂਹੇ ਰਵਾਂ ਤੇ ਸਿੱਖ ਪੰਥ ਦੇ ਮਹਾਂ ਨਾਇਕ, ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਉਨ੍ਹਾਂ ਦੇ ਸਪੁੱਤਰ ਬਾਬਾ ਅਜੈ ਸਿੰਘ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਸਿੰਘਾਂ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਗੜ੍ਹੀ ਗੁਰਦਾਸ ਨੰਗਲ ਵਿਖੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਸ਼ਿਰਕਤ ਕੀਤੀ। ਸਮਾਗਮ ਦੇ ਆਰੰਭ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਲਬੀਰ ਸਿੰਘ ਤੇ ਗੁਰਦੁਆਰਾ ਸਾਹਿਬ ਗੜ੍ਹੀ ਗੁਰਦਾਸ ਨੰਗਲ ਦੇ ਹਜ਼ੂਰੀ ਰਾਗੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸਵਿੰਦਰ ਸਿੰਘ, ਭਾਈ ਜਰਨੈਲ ਸਿੰਘ ਤੇ ਭਾਈ ਪੂਰਨ ਸਿੰਘ ਅਰਸ਼ੀ ਦੇ ਢਾਡੀ ਜਥਿਆਂ ਅਤੇ ਭਾਈ ਗੁਰਨਾਮ ਸਿੰਘ ਤੇ ਭਾਈ ਜੋਗਾ ਸਿੰਘ ਭਾਗੋਵਾਲ ਦੇ ਕਵੀਸ਼ਰੀ ਜਥਿਆਂ ਨੇ ਬੀਰ ਰਸੀ ਵਾਰਾਂ ਦੁਆਰਾ ਸੰਗਤਾਂ ਨੂੰ ਸ਼ਹੀਦਾਂ ਦੇ ਇਤਿਹਾਸ ਨਾਲ ਜੋੜਿਆ। ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।
ਜਥੇਦਾਰ ਅਵਤਾਰ ਸਿੰਘ ਨੇ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਹਾਜ਼ਰੀਆਂ ਭਰਨੀਆਂ ਸਨ, ਪਰ ਸਿਹਤ ਖਰਾਬ ਹੋ ਜਾਣ ਕਾਰਣ ਉਹ ਇਸ ਸਮਾਗਮ ਵਿੱਚ ਸ਼ਿਰਕਤ ਨਹੀਂ ਕਰ ਸਕੇ। ਉਨ੍ਹਾਂ ਆਪਣੇ ਵੱਲੋਂ ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ ਅਤੇ ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਸਮਾਗਮ ਵਿੱਚ ਭੇਜਿਆ। ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸ੍ਰ: ਹਰਚਰਨ ਸਿੰਘ ਨੇ ਕਿਹਾ ਕਿ ਜ਼ੁਲਮ ਅਨਿਆਂ ਖਿਲਾਫ਼ ਜੂਝਦੇ ਹੋਇਆਂ ਸ਼ਹੀਦੀ ਪ੍ਰਾਪਤ ਕਰ ਜਾਣਾ ਖਾਲਸੇ ਦਾ ਮਿਸ਼ਨ ਰਿਹਾ ਹੈ। ਸਮੇਂ ਦੇ ਜ਼ਾਬਰ ਹੁਕਮਰਾਨਾਂ ਵੱਲੋਂ ਗਰੀਬਾਂ, ਨਿਤਾਣਿਆਂ ਅਤੇ ਦੱਬੇ ਕੁਚਲੇ ਲੋਕਾਂ ਨੂੰ ਸਮਾਨਤਾ ਤੇ ਨਿਆਂ ਦਿਵਾਉਣ ਲਈ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਆਪ ਸਾਰੀ ਉਮਰ ਸੰਘਰਸ਼ਸ਼ੀਲ ਰਹੇ, ਉੱਥੇ ਆਪਣੇ ਅੰਤਿਮ ਸਮੇਂ ਇਸੇ ਮਿਸ਼ਨ ਨੂੰ ਨਿਰੰਤਰ ਜਾਰੀ ਰੱਖਣ ਲਈ ਨਾਂਦੇੜ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਤੋਰਿਆ।ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਸਾਥੀ ਸਿੰਘਾਂ ਸਮੇਤ ਜਿਸ ਤਰ੍ਹਾਂ ਚਾਅ, ਖੇੜੇ, ਹੌਂਸਲੇ ਅਤੇ ਚੜ੍ਹਦੀ ਕਲ੍ਹਾ ਨਾਲ ਸ਼ਹਾਦਤ ਪ੍ਰਾਪਤ ਕੀਤੀ ਉਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਉਨ੍ਹਾਂ ਜਥੇਦਾਰ ਅਵਤਾਰ ਸਿੰਘ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ, ਉਨ੍ਹਾਂ ਨਾਲ ਆਏ ਸ੍ਰ: ਗੁਰਬਚਨ ਸਿੰਘ ਬੰਗਾ ਤੇ ਸ੍ਰੀ ਦੇਸ ਰਾਜ ਧੁੱਗਾ ਸੰਸਦੀ ਸਕੱਤਰ, ਸ੍ਰ: ਸੁੱਚਾ ਸਿੰਘ ਲੰਗਾਹ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਲਖਬੀਰ ਸਿੰਘ ਲੋਧੀ ਸਾਬਕਾ ਐਮ ਐਲ ਏ ਨੰਗਲ, ਸ੍ਰ: ਨਿਰਮਲ ਸਿੰਘ ਕਾਹਲੋਂ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ, ਸ੍ਰ: ਸੁਖਜਿੰਦਰ ਸਿੰਘ ਲੰਗਾਹ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ੍ਰ: ਜਗਰੂਪ ਸਿੰਘ ਸੇਖਵਾਂ, ਸ੍ਰ: ਪਰਮਵੀਰ ਸਿੰਘ ਲਾਡੀ ਪ੍ਰਧਾਨ ਯੂਥ ਅਕਾਲੀ ਦਲ ਗੁਰਦਾਸਪੁਰ ਦਾ ਧੰਨਵਾਦ ਕੀਤਾ। ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਤਨ ਸਿੰਘ ਜੱਫਰਵਾਲ, ਸ੍ਰ: ਗੁਰਿੰਦਰਪਾਲ ਸਿੰਘ ਗੋਰਾ, ਸ੍ਰ: ਸੱਜਣ ਸਿੰਘ ਬੱਜੂਮਾਨ, ਸ੍ਰ: ਗੁਰਨਾਮ ਸਿੰਘ ਜੱਸਲ, ਸ੍ਰ: ਕਸ਼ਮੀਰ ਸਿੰਘ ਬਰਿਆਰ, ਸ੍ਰ: ਬਖਸ਼ੀਸ਼ ਸਿੰਘ ਧੰਨਵਾਲੀ ਸਾਬਕਾ ਮੈਂਬਰ ਅੰਤ੍ਰਿੰਗ ਕਮੇਟੀ ਅਤੇ ਸਮਾਗਮ ਵਿੱਚ ਹਾਜ਼ਰ ਸੰਗਤਾਂ ਦਾ ਵੀ ਧੰਨਵਾਦ ਕੀਤਾ।
ਸ੍ਰ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਬਰ-ਜ਼ੁਲਮ, ਅਨਿਆਂ ਤੇ ਅੱਤਿਆਚਾਰ ਵਿਰੁੱਧ ਲੜਾਈ ਲੜੀ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਦੇ ਉਸਰੱਈਏ ਸਨ ਤੇ ਉਨ੍ਹਾਂ ਗਰੀਬ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਮਾਲਕ ਬਣਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਨਕ ਨਾਮ ਦਾ ਸਿੱਕਾ ਵੀ ਚਲਾਇਆ ਤੇ ਪੰਜਾਬ ਦੀ ਧਰਤੀ ਤੇ ਸਾਢੇ ਸੱਤ ਸਾਲ ਰਾਜ ਕੀਤਾ। aੁਨ੍ਹਾਂ ਕਿਹਾ ਕਿ ਅਕਾਲੀ ਰਾਜ ਵਿੱਚ ਸਿੱਖ ਗੁਰੂ ਸਾਹਿਬਾਨ ਤੇ ਸ਼ਹੀਦ ਸਿੰਘਾਂ ਦੀਆਂ ਯਾਦਗਾਰਾਂ ਤੇ ਤਕਰੀਬਨ ੧ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚੀ ਗਈ। ਉਨ੍ਹਾਂ ਕਿਹਾ ਕਿ ਸ਼ਤਾਬਦੀਆਂ ਮਨਾਉਣ ਦਾ ਮਕਸਦ ਨੌਜਵਾਨਾ ਨੂੰ ਆਪਣੇ ਇਤਿਹਾਸ ਤੋਂ ਜਾਣੂੰ ਕਰਵਾਉਣਾ ਹੈ ਤੇ ਹਰ ਵਿਅਕਤੀ ਸ਼ਤਾਬਦੀ ਸਮਾਗਮਾਂ ਵਿੱਚ ਆਪਣੇ ਪੂਰੇ ਪ੍ਰੀਵਾਰ ਸਹਿਤ ਹਾਜ਼ਰੀਆਂ ਭਰ ਕੇ ਕਲਗੀਧਰ ਦਸਮੇਸ਼ ਪਿਤਾ ਦੀਆਂ ਖੁਸ਼ੀਆਂ ਹਾਸਲ ਕਰੇ।
ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਤੇ ਚਾਨਣਾ ਪਾਉਂਦਿਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਉਨ੍ਹਾਂ ਨਾਲ ਇਨ੍ਹਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ। ਇਸਦੇ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ੍ਰ: ਨਿਰਮਲ ਸਿੰਘ ਕਾਹਲੋਂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਸੇਵਾ ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਨੇ ਨਿਭਾਈ। ਇਸ ਉਪਰੰਤ ਸ੍ਰ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਨੂੰ ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ, ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਤੇ ਸ੍ਰ: ਸੁੱਚਾ ਸਿੰਘ ਲੰਗਾਹ ਵੱਲੋਂ ਸ੍ਰੀ ਸਾਹਿਬ, ਲੋਈ, ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰ: ਜਗਜੀਤ ਸਿਘ ਮੀਤ ਸਕੱਤਰ ਸ੍ਰ: ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਅਰਵਿੰਦਰ ਸਿੰਘ ਏ ਪੀ ਆਰ ਓ, ਸ੍ਰ: ਮਨਜੀਤ ਸਿੰਘ ਇੰਚਾਰਜ, ਸ੍ਰ: ਹਰਜਿੰਦਰ ਸਿੰਘ, ਸ੍ਰ: ਪ੍ਰਮਜੀਤ ਸਿੰਘ, ਸ੍ਰ: ਸੁਖਰਾਜ ਸਿੰਘ, ਸ੍ਰ: ਹਰਪ੍ਰੀਤ ਸਿੰਘ ਵਧੀਕ ਮੈਨੇਜਰ, ਸ੍ਰ: ਰੇਸ਼ਮ ਸਿੰਘ ਗੁਰਦੁਆਰਾ ਇੰਸਪੈਕਟਰ, ਸ੍ਰ: ਕੁੰਦਨ ਸਿੰਘ ਸੁਪਰਵਾਈਜ਼ਰ, ਸ੍ਰ: ਬਲਕਾਰ ਸਿੰਘ, ਸ੍ਰ: ਰਛਪਾਲ ਸਿੰਘ ਇੰਚਾਰਜ, ਸ੍ਰ: ਨਿਸ਼ਾਨ ਸਿੰਘ ਮੈਨੇਜਰ ਗੁਰਦੁਆਰਾ ਬਾਰਠ ਸਾਹਿਬ, ਸ੍ਰ: ਜਗਦੀਸ਼ ਸਿੰਘ ਮੈਨੇਜਰ ਗੁਰਦੁਆਰਾ ਬੁਰਜ ਸਾਹਿਬ, ਸ੍ਰ: ਗੁਰਤਿੰਦਰਪਾਲ ਸਿੰਘ ਮੈਨੇਜਰ ਗੁਰਦੁਆਰਾ ਕੰਧ ਸਾਹਿਬ, ਸ੍ਰ: ਕੁਲਵੰਤ ਸਿੰਘ ਮੈਨੇਜਰ ਗੁਰਦੁਆਰਾ ਸਤਿਕਰਤਾਰੀਆਂ, ਸ੍ਰ: ਗੁਰਦੇਵ ਸਿੰਘ ਮੈਨੇਜਰ ਗੁਰਦੁਆਰਾ ਡੇਰਾ ਬਾਬਾ ਨਾਨਕ, ਸ੍ਰ: ਮੇਜਰ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਪਾ: ਨੌਵੀਂ ਬਾਬਾ ਬਕਾਲਾ ਸਾਹਿਬ, ਸ੍ਰ: ਦਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਤੇਜਾ ਕਲਾਂ, ਸ੍ਰ: ਜਗਦੀਸ਼ ਸਿੰਘ ਮੈਨੇਜਰ ਗੁਰਦੁਆਰਾ ਹੋਠੀਆਂ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਫੋਟੋ ਕੈਪਸ਼ਨ- ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਗੜ੍ਹੀ ਗੁਰਦਾਸ ਨੰਗਲ ਵਿਖੇ ਗੁਰਮਤਿ ਸਮਾਗਮ ਸਮੇਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ, ਸ. ਸੁੱਚਾ ਸਿੰਘ ਲੰਗਾਹ, ਸ. ਹਰਚਰਨ ਸਿੰਘ ਮੁੱਖ ਸਕੱਤਰ ਤੇ ਸ. ਨਿਰਮਲ ਸਿੰਘ ਕਾਹਲੋਂ।