1-2ਧਰਮ ਪ੍ਰਚਾਰ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ

ਅੰਮ੍ਰਿਤਸਰ : 18 ਮਈ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸ਼ਹੀਦ ਸਿੰਘਾਂ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਸਕੂਲਾਂ ਕਾਲਜਾਂ ਅਤੇ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ, ਸਮੂਹ ਪ੍ਰਚਾਰਕਾਂ, ਸਕਾਲਰਾਂ ਦੇ ਇਲਾਵਾ ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਡਾ: ਇੰਦਰਜੀਤ ਸਿੰਘ ਗੋਗੋਆਣੀ, ਡਾ: ਸਰਬਜੀਤ ਸਿੰਘ ਤੇ ਡਾ: ਗੁਰਵੀਰ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਕਾਰਜਾਂ ਬਾਰੇ ਚਾਨਣਾ ਪਾਇਆ।
ਸੈਮੀਨਾਰ ਵਿੱਚ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਡਾ: ਰੂਪ ਸਿੰਘ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਧਰਤੀ ਤੇ ਸੁਤੰਤਰ ਸਿੱਖ ਸੋਚ ਚਾ ਪਰਚਮ ਲਹਿਰਾਇਆ।ਉਨ੍ਹਾਂ ਕਿਹਾ ਕਿ ਕੌਮ ਦੀਆਂ ਇਮਾਰਤਾਂ ਤੇ ਸੰਸਥਾਵਾਂ ਦੀ ਉਸਾਰੀ ਕੇਵਲ ਧਰਮੀ ਪੁਰਸ਼ ਹੀ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਕਲਗੀਧਰ ਦਸਮੇਸ਼ ਪਿਤਾ ਦਾ ਥਾਪੜਾ ਪ੍ਰਾਪਤ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ । ਉਨ੍ਹਾਂ ਕਿਹਾ ਕਿ ਉਸ ਨੇ ਜਬਰ ਤੇ ਜ਼ੁਲਮ ਦੇ ਦਰੱਖਤ ਨੂੰ ਇਉਂ ਨਿਚੋੜ ਦਿੱਤਾ ਜਿਵੇਂ ਅਮਰ ਵੇਲ ਦਰੱਖਤ ਦਾ ਰਸ ਸੁਕਾ ਦਿੰਦੀ ਹੈ।ਉਨ੍ਹਾਂ ਕਿਹਾ ਕਿ ਅਤਿ ਬਿਖੜੇ ਸਮੇਂ ਸਿੱਖ ਬਾਦਸ਼ਾਹਤ ਕਾਇਮ ਕਰਨਾ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਸ਼ੇਸ਼ ਪੰਥਕ ਸੇਵਾ ਸੀ।ਉਨ੍ਹਾਂ ਸੈਮੀਨਾਰ ਵਿੱਚ ਸ਼ਾਮਲ ਪ੍ਰਚਾਰਕਾਂ, ਢਾਡੀ ਸਿੰਘਾਂ, ਕਵੀਸ਼ਰਾਂ ਤੇ ਸਕਾਲਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਤਿਹਾਸ ਨੂੰ ਗੁਰਬਾਣੀ ਦੇ ਹਵਾਲੇ ਨਾਲ ਸੁਨਾਉਣ ਦੀ ਕੋਸ਼ਿਸ਼ ਕਰਨ।ਉਨ੍ਹਾਂ ਕਿਹਾ ਕਿ ਸਟੇਜ ਤੇ ਕਿਸੇ ਵਿਅਕਤੀ ਵਿਸ਼ੇਸ਼ ਦੇ ਗੁਣ ਗਾਇਣ ਕਰਨ ਦੀ ਬਜਾਏ ਸੰਗਤਾਂ ਨੂੰ ਗੁਰਬਾਣੀ ਦੇ ਨਾਲ-ਨਾਲ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਤੋਂ ਜਾਣੂੰ ਕਰਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਡਾ: ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਕੋਈ ਵੀ ਕੌਮ ਮਾਰਿਆਂ ਨਹੀਂ ਮਰਦੀ, ਮਰਦੀ ਉਦੋਂ ਹੈ ਜਦੋਂ ਉਹ ਆਪਣੇ ਸਿਧਾਂਤਾਂ ਤੋਂ ਭਟਕ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਗਰ ਕੌਮ ਨੂੰ ਹਮੇਸ਼ਾਂ ਜ਼ਿੰਦਾ ਰੱਖਣਾ ਹੈ ਤਾਂ ਆਸ਼ਾਵਾਦੀ ਬਣੋ ਤੇ ਹਮੇਸ਼ਾਂ ਚੜ੍ਹਦੀ ਕਲਾ ਦੀ ਕਾਮਨਾ ਕਰੋ।
ਡਾ: ਸਰਬਜੀਤ ਸਿੰਘ ਨੇ ਕਿਹਾ ਕਿ ਜੋ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਕਦੇ ਅੱਗੇ ਨਹੀਂ ਵਧ ਸਕਦੀਆਂ। ਇਸ ਲਈ ਜ਼ਰੂਰੀ ਹੈ ਕਿ ਆਪਣੇ ਇਤਿਹਾਸ ਨੂੰ ਬਾਰ-ਬਾਰ ਦੁਹਰਾਇਆ ਜਾਵੇ।ਉਨ੍ਹਾਂ ਕਿਹਾ ਹੈਰਾਨੀ ਵਾਲੀ ਗੱਲ ਹੈ ਕਿ ਕੌਮ ‘ਚ ਰੂਹਾਨੀਅਤ ਤੇ ਅਧਿਆਤਮਕਤਾ ਘਟ ਰਹੀ ਹੈ। ਉਨ੍ਹਾਂ ਕਿਹਾ ਕਿ ਚੰਗੇ ਇਤਿਹਾਸਕਾਰ ਬਨਣ ਲਈ ਸਿੱਖਣ, ਸਿਖਾਉਣ ਤੇ ਅਮਲ ਕਰਨ ਦੀ ਨੀਤੀ ਅਪਨਾਓ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੈ ਇਸ ਲਈ ਇਤਿਹਾਸ ਦੀ ਖੋਜ ਲਈ ਸਭ ਤੋਂ ਉੱਤਮ ਮਾਧਿਅਮ ਇੰਟਰਨੈਟ ਹੈ।
ਡਾ: ਗੁਰਵੀਰ ਸਿੰਘ ਨੇ ਕਿਹਾ ਕਿ ਮਹਾਂ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਨੇ ਕਲਗੀਧਰ ਪਿਤਾ ਤੋਂ ਬਾਅਦ ਸਿੱਖਾਂ ਦੀ ਬਿੱਖੜੀ ਹੋਈ ਸ਼ਕਤੀ ਨੂੰ ਇਕੱਤਰ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਾਰੇ ਸਿੱਖ ਸਿੱਖੀ ਤੋਂ ਕੁਰਬਾਨ ਹੋਏ, ਕਿਸੇ ਨੇ ਆਪਣੇ ਧਰਮ ਨੂੰ ਨਹੀਂ ਬਦਲਿਆ, ਬਲਕਿ ਅਡੋਲ ਚਿੱਤ ਰਹਿ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਸ੍ਰ: ਸੁਖਦੇਵ ਸਿੰਘ ਭੂਰਾ ਕੋਹਨਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ੮ ਮਹੀਨੇ ਦੁਸ਼ਮਣ ਦੇ ਘੇਰੇ ਵਿੱਚ ਰਹਿ ਕੇ ਸੁਨਹਿਰਾ ਇਤਿਹਾਸ ਸਿਰਜਿਆ ਜਿਸ ਨੂੰ ਅਸੀਂ ਸਿਜਦੇ ਕਰਦੇ ਹਾਂ। ਉਕਤ ਵਿਦਵਾਨਾ ਦੇ ਇਲਾਵਾ ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ, ਭਾਈ ਸਰਵਣ ਸਿੰਘ, ਭਾਈ ਜਸਵਿੰਦਰ ਸਿੰਘ ਸ਼ਹੂਰ, ਭਾਈ ਬਲਵੰਤ ਸਿੰਘ, ਭਾਈ ਹੀਰਾ ਸਿੰਘ ਮਨਿਹਾਲਾ, ਭਾਈ ਗੁਰਬਚਨ ਸਿੰਘ ਕਲਸੀਆਂ ਤੇ ਭਾਈ ਸਰਬਜੀਤ ਸਿੰਘ ਪ੍ਰਚਾਰਕ ਨੇ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।ਇਸ ਮੌਕੇ ਸ੍ਰ: ਜਗਜੀਤ ਸਿੰਘ, ਸ੍ਰ: ਕੁਲਵਿੰਦਰ ਸਿੰਘ ‘ਰਮਦਾਸ’ ਤੇ ਸ੍ਰ: ਸਿਮਰਜੀਤ ਸਿੰਘ ਮੀਤ ਸਕੱਤਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਮਨਜੀਤ ਸਿੰਘ ਇੰਚਾਰਜ, ਸ੍ਰ: ਕ੍ਰਿਪਾਲ ਸਿੰਘ ਚੌਹਾਨ ਅਤੇ ਪ੍ਰਿੰਸੀਪਲ ਬਲਦੇਵ ਸਿੰਘ ਆਦਿ ਮੌਜੂਦ ਸਨ।