ਹੁਸ਼ਿਆਰਪੁਰ ਦੇ ਪਿੰਡ ਚੀਮਾ ਪੋਤਾ ’ਚ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ

ਅੰਮ੍ਰਿਤਸਰ, 19 ਅਪ੍ਰੈਲ- ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੀਮਾ ਪੋਤਾ ਵਿਖੇ ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਘਟਨਾ ਤੋਂ ਬਾਅਦ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਖ਼ੁਦ ਪੁੱਜ ਕੇ ਇਸ ਘਟਨਾ ਦੀ ਸਮੁੱਚੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਐਡਵੋਕੇਟ ਧਾਮੀ ਨੇ ਪਿੰਡ ਦੀ ਸੰਗਤ ਅਤੇ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਸਮੁੱਚੇ ਘਟਨਾਕ੍ਰਮ ਬਾਰੇ ਦੀਰਘ ਵਿਚਾਰ-ਵਟਾਂਦਰਾ ਕੀਤਾ ਅਤੇ ਸੰਬੋਧਨ ਕਰਦਿਆਂ ਪੁਲਿਸ ਪ੍ਰਸ਼ਾਸਨ ਦੇ ਹਾਜ਼ਰ ਅਧਿਕਾਰੀਆਂ ਨੂੰ ਇਸ ਘਟਨਾ ਦੇ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਦੋ ਦਿਨਾਂ ਦਾ ਸਮਾਂ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਦੋ ਦਿਨਾਂ ਦੇ ਵਿਚ-ਵਿਚ ਦੋਸ਼ੀਆਂ ਨੂੰ ਸਾਹਮਣੇ ਨਹੀਂ ਲਿਆਉਂਦਾ ਤਾਂ ਖਾਲਸਾ ਪੰਥ ਨੂੰ ਇਨਸਾਫ਼ ਲਈ ਸੰਘਰਸ਼ ਦਾ ਰਾਹ ਅਪਨਾਉਣਾ ਪਵੇਗਾ।
ਐਡਵੋਕੇਟ ਧਾਮੀ ਨੇ ਇਸ ਗੱਲ ’ਤੇ ਦੁੱਖ ਪ੍ਰਗਟਾਇਆ ਕਿ ਪਿੰਡ ਚੀਮਾ ਪੋਤਾ ਦੇ ਗੁਰੂ ਘਰ ਵਿਖੇ ਸੀਸੀਟੀਵੀ ਕੈਮਰੇ ਅਤੇ ਹੋਰ ਸੁਰੱਖਿਆ ਦੇ ਵੀ ਪ੍ਰਬੰਧ ਪੁਖ਼ਤਾ ਨਹੀਂ ਸਨ, ਜਿਸ ਕਰਕੇ ਸ਼ਰਾਰਤੀ ਅਨਸਰਾਂ ਨੂੰ ਅਜਿਹੀਆਂ ਘਟਨਾਵਾਂ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਇਹ ਜ਼ੁੰਮੇਵਾਰੀ ਹੈ ਕਿ ਜਿਵੇਂ ਅਸੀਂ ਆਪਣੇ ਘਰਾਂ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਦੇ ਹਾਂ, ਉਸ ਤੋਂ ਵੀ ਵੱਧ ਤਰਜੀਹ ਨਾਲ ਗੁਰੂ ਘਰਾਂ ਦੀ ਸੇਵਾ ਸੰਭਾਲ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਸਰਕਾਰ ਦੀ ਕਾਰਗੁਜਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸੂਬੇ ਅੰਦਰ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਪਰੰਤੂ ਸਰਕਾਰ ਨੇ ਕਾਰਵਾਈ ਕਰਨੀ ਤਾਂ ਦੂਰ, ਬਲਕਿ ਸਰਕਾਰ ਦੇ ਕਿਸੇ ਮੰਤਰੀ ਜਾਂ ਵਿਧਾਇਕ ਨੇ ਮੌਕੇ ’ਤੇ ਪਹੁੰਚਣਾ ਵੀ ਮੁਨਾਸਿਬ ਨਹੀਂ ਸਮਝਿਆ। ਇਹ ਮੌਜੂਦਾ ਪੰਜਾਬ ਸਰਕਾਰ ਦੀ ਸਿੱਖ ਸਰੋਕਾਰਾਂ ਪ੍ਰਤੀ ਗੈਰ ਜ਼ੁੰਮੇਵਰਾਨਾ ਪਹੁੰਚ ਹੈ, ਜੋ ਕਿ ਨਿੰਦਣਯੋਗ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਰਬੰਸ ਸਿੰਘ ਮੰਝਪੁਰ, ਸ. ਰਵਿੰਦਰ ਸਿੰਘ ਚੱਕ, ਹਲਕਾ ਆਗੂ ਸ. ਸਰਬਜੋਤ ਸਿੰਘ ਸਾਬੀ, ਸ. ਲਖਵਿੰਦਰ ਸਿੰਘ ਲੱਖੀ ਪ੍ਰਧਾਨ, ਮੈਨੇਜਰ ਸ. ਅਵਤਾਰ ਸਿੰਘ, ਪ੍ਰਚਾਰਕ ਭਾਈ ਕਲਿਆਣ ਸਿੰਘ ਅਤੇ ਹੋਰ ਮੌਜੂਦ ਸਨ।