ਰਿਹਾਇਸ਼, ਲੰਗਰ, ਮੈਡੀਕਲ ਤੇ ਹੋਰ ਸਹੂਲਤਾਂ ਦੇ ਕੇ ਹੋਈ ਦੁੱਖ ਵਿੱਚ ਸ਼ਰੀਕ
ਜਥੇਦਾਰ ਅਵਤਾਰ ਸਿੰਘ ਦੀ ਪ੍ਰੇਰਨਾ ਰੰਗ ਲਿਆਈ
ਸਾਰੇ ਕੇਂਦਰਾਂ ਤੋਂ ਲੋਕ ਸੰਤੁਸ਼ਟ
ਅੰਮ੍ਰਿਤਸਰ 3 ਅਕਤੂਬਰ (          ) ਭਾਰਤ ਵੱਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਅੱਤਵਾਦੀਆਂ ਦੇ ਸਿਖਲਾਈ ਕੈਂਪਾਂ ‘ਤੇ ਕੀਤੇ ਗਏ ਆਪ੍ਰੇਸ਼ਨ ਤੋਂ ਬਾਅਦ ਪੰਜਾਬ ਨਾਲ ਲੱਗਦੀ ਕਰੀਬ ਸਾਢੇ ੫੦੦ ਕਿਲੋਮੀਟਰ ਲੰਮੀ ਅੰਤਰਰਾਸ਼ਟਰੀ ਸਰਹੱਦ ਦੇ ਕੰਢੇ ‘ਤੇ ਵਸੇ ੧੦ ਕਿਲੋਮੀਟਰ ਦੇ ਘੇਰੇ ਅੰਦਰਲੇ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਆਦੇਸ਼ ਤੋਂ ਬਾਅਦ ਬਣੇ ਤਣਾਅਪੂਰਨ ਮਾਹੌਲ ਵਿੱਚ ਘਰ ਛੱਡ ਵਾਪਸ ਰਿਸ਼ਤੇਦਾਰਾਂ ਜਾਂ ਕੈਂਪਾਂ ਵੱਲ ਪਰਤ ਰਹੇ ਲੋਕਾਂ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਉਨ੍ਹਾਂ ਨੂੰ ਰਾਹਤ ਪਹੁੰਚਾਉਣ ਦੇ ਮਕਸਦ ਹੇਠ ਇਕ ਵਾਰ ਫਿਰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਬੀਤੇ ਦਿਨੀਂ ਤਹਿਸੀਲ ਅਜਨਾਲਾ ਅਧੀਨ ਆਉਂਦੇ ਸਰਹੱਦੀ ਪਿੰਡ ਘੋਹਨੇਵਾਲ ਤੇ ਕੋਟ ਰਜਾਦਾ ਵਿਖੇ ਸਰਹੱਦੀ ਲੋਕਾਂ ਨੂੰ ਬੇਖੌਫ ਹੋ ਕੇ ਝੋਨੇ ਦੀ ਫਸਲ ਦੀ ਕਟਾਈ ਕਰਨ ਅਤੇ ਆਪਣੇ-ਆਪਣੇ ਘਰਾਂ ਨੂੰ ਵਾਪਸ ਜਾਣ ਦੇ ਹੁਕਮ ਜਾਰੀ ਕਰਨ ਨਾਲ ਹੁਣ ਫਿਰੋਜ਼ਪੁਰ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਤੇ ਹੋਰ ਸ਼ਹਿਰਾਂ ਦੇ ਪਰਿਵਾਰ ਆਪੋ-ਆਪਣੇ ਘਰਾਂ ਨੂੰ ਵਾਪਸ ਜਾਣਾ ਸ਼ੁਰੂ ਹੋ ਗਏ ਹਨ।ਉਨਾਂ੍ਹ ਕਿਹਾ ਕਿ ਇਸ ਤਣਾਅਪੂਰਨ ਸਮੇਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਹੱਦੀ ਲੋਕਾਂ ਦੀ ਸੁਰੱਖਿਆ, ਲੰਗਰ, ਰਿਹਾਇਸ਼, ਮੈਡੀਕਲ ਸਹੂਲਤਾਂ ਅਤੇ ਹੋਰ ਪ੍ਰਬੰਧਾਂ ਦੀ ਦੇਖ-ਰੇਖ ਕਰਨ ਲਈ ਜੋ ਕਾਰਜ ਕੀਤੇ ਗਏ ਉਸ ਨੇ ਲੋਕਾਂ ਨੂੰ ਕਿਸੇ ਬੇਗਾਨੇ ਘਰ ਦੀ ਥਾਂ ਆਪਣੇ ਹੀ ਘਰ ਆਉਣ ਦਾ ਅਹਿਸਾਸ ਕਰਵਾਇਆ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਸਬੰਧਤ ਮੈਂਬਰਾਂ, ਸਕੱਤਰਾਂ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤਾਂ ਜੋ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਕਾਰਜਾਂ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਰਹਿ ਸਕੇ।ਉਨ੍ਹਾਂ ਕਿਹਾ ਕਿ ਇਸ ਸਬੰਧੀ ੧੧ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਰਜਿੰਦਰ ਸਿੰਘ ਮਹਿਤਾ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਮੋਹਨ ਸਿੰਘ ਬੰਗੀ, ਸ. ਗੁਰਬਚਨ ਸਿੰਘ ਕਰਮੂੰਵਾਲ ਅੰਤ੍ਰਿੰਗ ਕਮੇਟੀ ਮੈਂਬਰ, ਸ. ਸੁੱਚਾ ਸਿੰਘ ਲੰਗਾਹ, ਸ. ਸੁਰਜੀਤ ਸਿੰਘ ਭਿਟੇਵਿਢ, ਸ. ਦਰਸ਼ਨ ਸਿੰਘ ਮੋਠਾਂਵਾਲਾ ਤੇ ਸ. ਪ੍ਰੀਤਮ ਸਿੰਘ ਮਨਸੀਆਂ ਮੈਂਬਰ ਸ਼੍ਰੋਮਣੀ ਕਮੇਟੀ ਦੇ ਨਾਮ ਸ਼ਾਮਲ ਹਨ ਤੇ ਕੋਆਰਡੀਨੇਟਰ ਸ. ਮਨਜੀਤ ਸਿੰਘ ਸਕੱਤਰ ਨੂੰ ਬਣਾਇਆ ਗਿਆ।ਉਨ੍ਹਾਂ ਕਿਹਾ ਕਿ ਸਰਹੱਦੀ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਉਨ੍ਹਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਹਿਤ ਤਿੰਨ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਵਿੱਚ ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਕਮੇਟੀ ਮੈਂਬਰ, ਸ. ਮਨਜੀਤ ਸਿੰਘ ਅਤੇ ਸ. ਦਿਲਜੀਤ ਸਿੰਘ ਬੇਦੀ ਸਕੱਤਰ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂਆਂ ਨਾਲ ਇਕੱਤਰਤਾਵਾਂ ਕਰਕੇ ਰਾਹਤ ਕੈਂਪਾਂ ਦਾ ਜਾਇਜ਼ਾ ਲੈਂਦਿਆਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਕਾਰਜਾਂ ਦੀ ਸਮੀਖਿਆ ਕੀਤੀ।
ਸ. ਬੇਦੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਵੱਲੋਂ ਜ਼ਿਲ੍ਹੇ ਵਾਰ ਰਾਹਤ ਕੈਂਪਾਂ ਆਧਾਰਿਤ ਸ਼੍ਰੋਮਣੀ ਕਮੇਟੀ ਸਕੱਤਰਾਂ ਨੂੰ ਤਾਇਨਾਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਖੇਮਕਰਨ ਬਾਰਡਰ ਵਿਖੇ ਸ. ਹਰਭਜਨ ਸਿੰਘ ਮਨਾਵਾਂ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਅਟਾਰੀ ਬਾਰਡਰ ਵਿਖੇ ਸ. ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ ਤੇ ਸ. ਬਲਵਿੰਦਰ ਸਿੰਘ ਕਾਹਲਵਾਂ ਮੀਤ ਸਕੱਤਰ, ਗੁਰਦਾਸਪੁਰ ਤੇ ਪਠਾਨਕੋਟ ਬਾਰਡਰ ਵਿਖੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਤੇ ਸ. ਕੁਲਵਿੰਦਰ ਸਿੰਘ ਰਮਦਾਸ ਮੀਤ ਸਕੱਤਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਬਾਰਡਰ ਵਿਖੇ ਸ. ਕੇਵਲ ਸਿੰਘ ਤੇ ਸ. ਬਿਜੈ ਸਿੰਘ ਵਧੀਕ ਸਕੱਤਰ ਅਤੇ ਸ. ਮਹਿੰਦਰ ਸਿੰਘ ਮੀਤ ਸਕੱਤਰ ਦੀਆਂ ਡਿਊਟੀਆਂ ਲਗਾਈਆਂ ਗਈਆਂ।ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਜਾਂ ਦੇ ਕੰਟਰੋਲਰ ਸ. ਹਰਚਰਨ ਸਿੰਘ ਮੁੱਖ ਸਕੱਤਰ ਤੇ ਡਾ. ਰੂਪ ਸਿੰਘ ਸਕੱਤਰ ਨੂੰ ਲਗਾਇਆ ਗਿਆ ਤੇ ਪ੍ਰੈਸ ਕੰਟਰੋਲਰ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੂੰ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਜਿਨ੍ਹਾਂ ਗੁਰਦੁਆਰਾ ਸਾਹਿਬਾਨਾਂ ਵਿੱਚ ਪ੍ਰਬੰਧ ਕੀਤੇ ਗਏ ਉਨ੍ਹਾਂ ਵਿੱਚ ਸੰਵੇਦਨਸ਼ੀਲ ਖੇਮਕਰਨ ਬਾਰਡਰ ਵਿਖੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ, ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ, ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਸ਼ਹੀਦ ਸ੍ਰੀ ਅੰਮ੍ਰਿਤਸਰ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ (ਤਰਨ ਤਾਰਨ), ਗੁਰਦੁਆਰਾ ਭਾਈ ਤਾਰਾ ਸਿੰਘ ਸ਼ਹੀਦ ਪਿੰਡ ਵਾਂ (ਤਰਨ ਤਾਰਨ) ਅਤੇ ਗੁਰਦੁਆਰਾ ਬਾਬਾ ਬੀਰ ਸਿੰਘ ਪਿੰਡ ਰੱਤੋਕੇ (ਤਰਨ ਤਾਰਨ) ਪਿੰਡ-ਪਿੰਡ ਲੰਗਰ ਪਹੁੰਚਾਉਣ ਦਾ ਪ੍ਰਬੰਧ ਕੀਤਾ ਅਤੇ ਅਟਾਰੀ ਬਾਰਡਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਗੁਰਦੁਆਰਾ ਸਤਲਾਣੀ ਸਾਹਿਬ ਪਿੰਡ ਹੁਸ਼ਿਆਰਪੁਰ (ਅੰਮ੍ਰਿਤਸਰ), ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਅੰਮ੍ਰਿਤਸਰ ਤੇ ਗੁਰਦੁਆਰਾ ਪਾਤਸ਼ਾਹੀ ਪੰਜਵੀ ਤੇ ਛੇਵੀਂ ਸ੍ਰੀ ਛੇਹਰਟਾ ਸਾਹਿਬ ਅੰਮ੍ਰਿਤਸਰ ਵੱਲੋਂ ਅਟਾਰੀ ਸਰਹੱਦ ਦੇ ਸੰਵੇਦਨਸ਼ੀਲ ਪਿੰਡਾਂ ਵਿੱਚ ਲੰਗਰ ਸੇਵਾ ਆਰੰਭੀ ਹੋਈ ਹੈ।ਗੁਰਦਾਸਪੁਰ ਬਾਰਡਰ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ (ਰੋਪੜ), ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਹਰਾ ਬਾਬਾ ਨਾਨਕ (ਗੁਰਦਾਸਪੁਰ), ਗੁਰਦੁਆਰਾ ਕੰਧ ਸਾਹਿਬ ਬਟਾਲਾ ਗੁਰਦਾਸਪੁਰ, ਗੁਰਦੁਆਰਾ ਡੇਹਰਾ ਸਾਹਿਬ ਸਤਿਕਰਤਾਰੀਆ ਬਟਾਲਾ ਗੁਰਦਾਸਪੁਰ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਇਹ ਸਾਰੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਨੂੰ ਰਾਹਤ ਦੇਣ ਵਿੱਚ ਮਸ਼ਰੂਫ ਹਨ।ਪਠਾਨਕੋਟ ਬਾਰਡਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਬਣਾਇਆ ਗਿਆ ਇਸ ਬੈਲਟ ਦਾ ਇਹ ਸਭ ਤੋਂ ਵੱਡਾ ਰਾਹਤ ਕੇਂਦਰ ਹੈ ਜਿਸ ਵਿੱਚ ੧੧ ਸੌ ਤੋਂ ਵੱਧ ਵਿਅਕਤੀ ਰਾਹਤ ਲਈ ਪੁੱਜੇ।ਇਸ ਅਸਥਾਨ ਵਿਖੇ ਰਾਹਤ ਪਹੁੰਚਾਉਣ, ਬਣਾਉਣ ਤੇ ਵਰਤਾਉਣ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ (ਰੋਪੜ), ਗੁਰਦੁਆਰਾ ਸ੍ਰੀ ਬਾਰਠ ਸਾਹਿਬ, ਪਠਾਨਕੋਟ, ਗੁਰਦੁਆਰਾ ਬੁਰਜ ਸਾਹਿਬ, ਧਾਰੀਵਾਲ ਗੁਰਦਾਸਪੁਰ, ਗੁਰਦੁਆਰਾ ਸ੍ਰੀ ਅਚੱਲ ਸਾਹਿਬ, ਬਟਾਲਾ ਗੁਰਦਾਸਪੁਰ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਸਹਾਇਤਾ ਕਰ ਰਹੇ ਹਨ।ਇਸੇ ਤਰ੍ਹਾਂ ਫਿਰੋਜ਼ਪੁਰ ਬਾਰਡਰ ਭਾਵੇਂ ਬਹੁਤ ਸੰਵੇਦਨਸ਼ੀਲ ਹੈ ਪਰ ਇਸ ਹਲਕੇ ਦੇ ਲੋਕ ਘੱਟ ਹੀ ਆਪਣੇ ਘਰ ਛੱਡ ਕੇ ਵਾਪਸ ਮੁੜੇ ਹਨ।ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ, ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਕਪੂਰਥਲਾ, ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਦਸਵੀਂ, ਬਜੀਦਪੁਰ ਫਿਰੋਜ਼ਪੁਰ, ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ, ਹਾਜੀਰਤਨ ਬਠਿੰਡਾ ਨੂੰ ਇਹ ਸੇਵਾ ਸੰਭਾਲ ਦੇ ਆਦੇਸ਼ ਦਿੱਤੇ।ਫਾਜ਼ਿਲਕਾ ਬਾਰਡਰ ਤੇ ਕੋਈ ੩੫ ਸੌ ਤੋਂ ੪ ਹਜ਼ਾਰ ਲੋਕ ਰਾਹਤ ਲਈ ਅੱਗੇ ਆਏ ਹਨ।ਇਸ ਖੇਤਰ ਦਾ ਚਾਵੜਿਆਂ ਵਾਲੇ ਪਿੰਡ ਰਾਹਤ ਕੇਂਦਰ ਸਥਾਪਤ ਕੀਤਾ ਗਿਆ ਹੈ।ਏਵੇ ਹੀ ਗੁਰੂ  ਹਰਿਸਹਾਏ ਨੂੰ ਮਿਲਦੀ ਸੜਕ ਤੇ ਗੁਰਦੁਆਰਾ ਪ੍ਰਗਟਾ ਸਾਹਿਬ ਅਤੇ ਜਲਾਲਾਬਾਦ ਫਾਰਮ ਤੇ ਸਬਜ਼ੀਆਂ, ਦਾਲਾਂ, ਫੁਲਕੇ ਬਣਾਉਣ ਲਈ ਟੀਮਾਂ ਲਗਾਈਆਂ ਗਈਆਂ ਹਨ।ਇਥੇ ਸਹਾਇਤਾ ਪਹੁੰਚਾਉਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬ੍ਹੋ ਬਠਿੰਡਾ, ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਨਾਮ ਸ਼ਾਮਲ ਹਨ।ਉਪਰੋਕਤ ਸਾਰੇ ਸਥਾਨਾਂ ਤੋਂ ਲੋਕ ਬਣਿਆ ਲੰਗਰ ਬਰਤਨਾਂ ਵਿੱਚ ਲੈ ਕੇ ਆਪੋ- ਆਪਣੇ ਘਰਾਂ ਵਿੱਚ ਪਰਤ ਜਾਂਦੇ ਹਨ।
ਸ. ਬੇਦੀ ਨੇ ਕਿਹਾ ਕਿ ਫਾਜ਼ਿਲਕਾ ਬਾਰਡਰ ਵਿਖੇ ਸ਼੍ਰੋਮਣੀ ਕਮੇਟੀ ਦੇ ਰਾਹਤ ਕੈਂਪਾਂ ਵਿੱਚ ੫ ਹਜ਼ਾਰ ਪਰਿਵਾਰਾਂ ਨੇ ਸ਼ਰਨ ਲੈਂਦਿਆਂ ਪ੍ਰਸ਼ਾਦਾ ਛੱਕਿਆ ਅਤੇ ਪਠਾਨਕੋਟ ਦੇ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ੧ ਹਜ਼ਾਰ ਦੇ ਕਰੀਬ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ।ਹੁਣ ਕੁਝ-ਕੁਝ ਲੋਕ ਵਾਪਸ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ ਹਨ।ਉਨ੍ਹਾਂ ਕਿਹਾ ਕਿ ਤਣਾਅਪੂਰਨ ਸਮੇਂ ਜਿਹੜੇ ਪਰਿਵਾਰਾਂ ਨੇ ਆਪਣੇ ਮੈਂਬਰ ਸੁਰੱਖਿਅਤ ਥਾਵਾਂ ਤੇ ਪਹੁੰਚਾਏ ਅਤੇ ਜੋ ਪਰਿਵਾਰ ਅਜਿਹੇ ਸਮੇਂ ਆਪਣੇ ਘਰ-ਬਾਰ ਛੱਡਣ ਨੂੰ ਤਿਆਰ ਨਹੀਂ ਹੋਏ ਉਨ੍ਹਾਂ ਤੀਕ ਵੀ ਸ਼੍ਰੋਮਣੀ ਕਮੇਟੀ ਨੇ ਪਹੁੰਚ ਕਰਦਿਆਂ ਬਣਦੀ ਰਾਹਤ ਦਿੱਤੀ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਵੱਲੋਂ ਪਿੰਡਾਂ ਦੇ ਲੋਕਾਂ ਲਈ ਮੈਡੀਕਲ ਕੈਂਪ ਅਤੇ ਐਂਬੂਲੈਂਸ ਵੈਨਾਂ ਦੇ ਬੂਥ ਵੀ ਲਗਾਏ ਗਏ।ਉਨ੍ਹਾਂ ਕਿਹਾ ਕਿ ਇਹ ਬੂਥ ਗੁਰਦੁਆਰਾ ਬਾਬਾ ਬੀਰ ਸਿੰਘ ਪਿੰਡ ਰੱਤੋਕੇ, ਗੁਰਦੁਆਰਾ ਸ੍ਰੀ ਬਾਰਠ ਸਾਹਿਬ ਪਠਾਨਕੋਟ, ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਦਸਵੀਂ, ਬਜੀਦਪੁਰ ਫਿਰੋਜ਼ਪੁਰ ਅਤੇ ਗੁਰਦੁਆਰਾ ਸਤਲਾਣੀ ਸਾਹਿਬ ਪਿੰਡ ਹੁਸ਼ਿਆਰਨਗਰ ਵਿਖੇ ਲੱਗੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਨ੍ਹਾਂ ਥਾਵਾਂ ਤੇ ਕੈਂਪ ਬਣਾਏ ਗਏ ਉਨ੍ਹਾਂ ਵਿੱਚ ਅਟਾਰੀ ਵਿਖੇ ਗੁਰਦੁਆਰਾ ਸਤਲਾਣੀ ਸਾਹਿਬ ਪਿੰਡ ਹੁਸ਼ਿਆਰਨਗਰ, ਗੁਰਦਾਸਪੁਰ ਵਿਖੇ ਰਮਦਾਸ, ਪਠਾਨਕੋਟ ਦੇ ਗੁਰਦੁਆਰਾ ਸ੍ਰੀ ਬਾਰਠ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ ਤੇ ਜਲਾਲਬਾਦ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੈਡ ਕੁਆਟਰ ਖੇਮਕਰਨ ਦੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਤਰਨਤਾਰਨ ਨੂੰ ਬਣਾਇਆ ਗਿਆ।ਉਨ੍ਹਾਂ ਕਿਹਾ ਕਿ ਨੇਪਾਲ, ਜੰਮੂ-ਕਸ਼ਮੀਰ ਤੇ ਉਤਰਾਖੰਡ ਵਿਖੇ ਵਾਪਰੀਆਂ ਕੁਦਰਤੀ ਆਫਤਾਂ ਤੋਂ ਬਾਅਦ ਹੁਣ ਸਰਹੱਦੀ ਲੋਕਾਂ ਲਈ ਸ਼੍ਰੋਮਣੀ ਕਮੇਟੀ ਇਕ ਆਸ ਦੀ ਕਿਰਨ ਵਾਂਗ ਉਭਰੀ ਹੈ।