ਸੱਤਵੇਂ ਇੰਟਰਨੈਸ਼ਨਲ ਗੱਤਕਾ ਮੁਕਾਬਲੇ ‘ਚ ਵਿਦੇਸਾਂ ਤੋਂ ਟੀਮਾਂ ਲੈਣਗੀਆਂ ਭਾਗ

 

 

ਪਟਿਆਲਾ 27 ਅਪ੍ਰੈਲ (     ) ਸਿੱਖ ਧਰਮ ਦਾ ਬਹੁਤ ਵੱਡਾ ਵਿਰਾਸਤੀ ਅਤੇ ਗੌਰਵਮਈ ਇਤਿਹਾਸ ਹੈ। ਜਿਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼੍ਰੋਮਣੀ ਕਮੇਟੀ ਯਤਨਸ਼ੀਲ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਸੱਤਵੇਂ ਇੰਟਰਨੈਸ਼ਨਲ ਗੱਤਕਾ ਕੱਪ ਦੇ ਹੋ ਰਹੇ ਛੇਵੇਂ ਐਡੀਸ਼ਨ ਦੀ ਅਰੰਭਤਾ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ।

ਉਹਨਾਂ ਕਿਹਾ ਕਿ ਗੱਤਕਾ ਸਿੱਖ ਧਰਮ ਦੀ ਮਾਰਸ਼ਲ ਆਰਟ ਹੈ। ਬਾਣੇ ਅਤੇ ਬਾਣੀ ਦੀ ਗੁਰਬਖਸ਼ੀ ਖੇਡ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਨੌਜਵਾਨ ਪੀੜ•ੀ ਨੂੰ ਗੁਰਮਤਿ ਵਿਰਾਸਤ ਦੇ ਨਾਲ ਜੋੜਨ ਲਈ ਖ਼ਾਲਸੇ ਦੇ ਵਿਰਾਸਤੀ ਮੇਲੇ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਫ਼ਤਹਿਗੜ• ਸਾਹਿਬ ਦੀ ਧਰਤੀ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ 12 ਅਤੇ 13 ਮਈ ਨੂੰ ਸਰਹਿੰਦ ਫ਼ਤਹਿ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੱਤਵਾਂ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਕਰਵਾਕੇ ਖ਼ਾਲਸਾਈ ਜੋਹਰ ਦਿਖਾਏ ਜਾਣਗੇ। ਉਹਨਾਂ ਕਿਹਾ ਕਿ ਇਸ ਗੱਤਕੇ ਦੇ ਕੰਪੀਟੀਸ਼ਨ ਵਿਚ ਦੇਸ-ਵਿਦੇਸਾਂ ਤੋਂ ਗੱਤਕੇ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।

ਪ੍ਰੋ. ਬਡੂੰਗਰ ਨੇ ਕਿਹਾ ਕਿ ਸਾਰੇ ਵਿਸ਼ਵ ਅੰਦਰ ਖ਼ਾਲਸਾ ਪੰਥ ਦੀ ਵੱਖਰੀ ਪਹਿਚਾਣ ਹੈ। ਉਹਨਾਂ ਕਿਹਾ ਕਿ ਗੱਤਕਾ ਖੇਡਣ ਨਾਲ ਬੱਚਿਆਂ ਅੰਦਰ ਖੇਡ ਦੀ ਰੁੱਚੀ ਪੈਦਾ ਹੁੰਦੀ ਹੈ। ਜਿਸ ਨਾਲ ਬੱਚਿਆਂ ਨੂੰ ਸਿਹਤਮੰਦ ਜੀਵਨ ਅਤੇ ਚੰਗਾ ਆਚਰਣ ਮਿਲਦਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਨੌਜਵਾਨਾਂ ਤੋਂ ਇਲਾਵਾ ਛੋਟੀ ਉਮਰ ਦੇ ਬੱਚੇ ਵੀ ਗੱਤਕੇ ਤੋਂ ਪ੍ਰੇਰਿਤ ਹੋਕੇ ਖ਼ਾਲਸਾਈ ਸਭਿਆਚਾਰ ਨਾਲ ਜੁੜਨਗੇ। ਉਹਨਾਂ ਅੱਗੇ ਆਖਿਆ ਕਿ ਗੱਤਕੇ ਨੂੰ ਪ੍ਰਫੁਲਿਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਚਾਂ ਦੀ ਭਰਤੀ ਕਰ ਰਹੀ ਹੈ ਤਾਂ ਕਿ ਬੱਚੇ-ਬੱਚੀਆਂ ਨੂੰ ਖ਼ਾਲਸੇ ਦੀ ਖੇਡ ਗੱਤਕੇ ਬਾਰੇ ਗੁਰ ਦੇਕੇ ਗੁਰਸਿੱਖੀ ਵਾਲੇ ਜੀਵਨ ਵੱਲ ਪ੍ਰੇਰਿਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਇਸ ਮੌਕੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸੱਤਵੇਂ ਇੰਟਰਨੈਸ਼ਨਲ ਗੱਤਕਾ ਕੱਪ ਲਈ ਹੋਏ ਐਡੀਸ਼ਨ ਵਿਚ ਵੱਖ-ਵੱਖ ਖਿਡਾਰੀਆਂ ਨੇ ਆਪਣੇ ਕਲ•ਾ ਦੇ ਪ੍ਰਦਰਸ਼ਨ ਕੀਤੇ। ਸੱਤਵਾਂ ਇੰਟਰਨੈਸ਼ਨਲ ਗੱਤਕਾ ਕੱਪ ਦੇ ਫਾਈਨਲ ਮੁਕਾਬਲੇ ਦੀ ਜੇਤੂ ਟੀਮ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਦਿਤੀ ਜਾਵੇਗੀ। ਇਸ ਮੌਕੇ ਡਾ. ਪਰਮਜੀਤ ਸਿੰਘ ਸਰੋਆ ਖੇਡ ਸਕੱਤਰ, ਮੈਨੇਜਰ ਭਗਵੰਤ ਸਿੰਘ ਤੋਂ ਇਲਾਵਾ ਗੱਤਕਾ ਕੱਪ ਦੇ ਪ੍ਰਬੰਧਕੀ ਕੋਚ ਹਾਜਰ ਸਨ।