10-03-2016-310-03-2016-ਸ਼੍ਰੋਮਣੀ ਕਮੇਟੀ ਮੈਂਬਰ ਸ. ਖੁਸ਼ਵਿੰਦਰ ਸਿੰਘ ਭਾਟੀਆ ਨੇ ਜਥੇਦਾਰ ਅਵਤਾਰ ਸਿੰਘ ਵੱਲੋਂ ਧੰਨਵਾਦ ਕੀਤਾ

ਅੰਮ੍ਰਿਤਸਰ 10 ਮਾਰਚ (          ) ਭਗਤ ਧੰਨਾ ਜੀ ਦੇ ੬੦੦ ਸਾਲਾ ਜਨਮ ਦਿਹਾੜੇ (ਛੇਵੀਂ ਸ਼ਤਾਬਦੀ) ਦੇ ਸਬੰਧ ਵਿੱਚ ੮ ਮਾਰਚ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਰਮਣੀਕ ਅਸਥਾਨ ਤੋਂ ਆਰੰਭ ਹੋਇਆ ਨਗਰ ਕੀਰਤਨ ਤੀਸਰੇ ਦਿਨ ਗੁਰਦੁਆਰਾ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਹਨੂੰਮਾਨਗੜ੍ਹ (ਰਾਜਿਸਥਾਨ) ਤੋਂ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਗੁਰਦੁਆਰਾ ਰਾਜਾ ਪਾਰਕ, ਵਿਸ਼ਾਲੀ ਨਗਰ, ਜੈਪੁਰ (ਰਾਜਿਸਥਾਨ) ਲਈ ਰਵਾਨਾ ਹੋਇਆ।ਇਸ ਤੋਂ ਪਹਿਲਾਂ ਭਾਈ ਗੁਰਬਚਨ ਸਿੰਘ ਕਲਸੀਆਂ ਨੇ ਕਥਾ ਰਾਹੀਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ‘ਭਗਤ’ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਕਿ ‘ਭਗਤ’ ਸ਼ਬਦ ਸੰਸਕ੍ਰਿਤ ਦੇ ‘ਭਜ’ ਧਾਤੂ ਤੋਂ ਬਣਿਆ ਮੰਨਿਆ ਗਿਆ ਹੈ ਜਿਸ ਦੇ ਅਰਥ ਹਨ ਅਰਾਧਨਾ, ਉਪਾਸਨਾ, ਪੂਜਾ, ਵੰਡਣਾ, ਸੇਵਾ ਕਰਨੀ, ਸਿਮਰਨ ਕਰਨਾ।ਇਸ ਤੋਂ ਭਾਵ ਕਿ ਜੋ ਵਿਅਕਤੀ ਕਿਰਤ ਕਰਕੇ ਵੰਡ-ਵਰਤ ਕੇ ਛਕਦਾ ਹੈ, ਸਮਾਜ ਦੀ ਸੇਵਾ ਕਰਦਾ ਹੈ ਤੇ ਕਰਤਾਰ ਨੂੰ ਇੰਨ ਬਿੰਨ ਵੀ ਮਨੋਂ ਨਹੀਂ ਵਿਸਾਰਦਾ ਉਹ ਭਗਤ ਹੈ।ਉਨ੍ਹਾਂ ਕਿਹਾ ਕਿ ਭਗਤ ਧੰਨਾ ਜੀ ਜਿਨ੍ਹਾਂ ਦਾ ਅੱਜ ਅਸੀਂ ੬੦੦ ਸਾਲਾ ਜਨਮ ਦਿਹਾੜਾ ਮਨਾਉਣ ਜਾ ਰਹੇ ਹਾਂ ਉਨ੍ਹਾਂ ਭੋਲੇ ਭਾਅ ਆਪਣਾ ਆਪਾ ਸਮਰਪਿਤ ਕਰਕੇ ਪਰਮਾਤਮਾ ਨੂੰ ਪਾਇਆ।ਉਨ੍ਹਾਂ ਸੰਗਤਾਂ ਨੂੰ ਭਗਤ ਧੰਨਾ ਜੀ ਵਾਂਗ ਜੀਵਨ ਜਿਊਣ ਲਈ ਪ੍ਰੇਰਿਆ।ਉਪਰੰਤ ਭਾਈ ਗੁਰਜੀਤ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਹਨੂੰਮਾਨਗੜ੍ਹ ਨੇ ‘ਧੁਰ ਕੀ ਬਾਣੀ’ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਹੁਕਮਨਾਮਾ ਭਾਈ ਅਵਤਾਰ ਸਿੰਘ ਨੇ ਲਿਆ ਤੇ ਅਰਦਾਸ ਭਾਈ ਬਿਕਰਮਜੀਤ ਸਿੰਘ ਨੇ ਕੀਤੀ।
ਉਪਰੰਤ ਗੁਰਦੁਆਰਾ ਸਾਹਿਬ ਦੇ ਜਥੇਦਾਰ ਬਾਬਾ ਬਲਕਾਰ ਸਿੰਘ, ਸ. ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਤੇ ਸ. ਕੇਵਲ ਸਿੰਘ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੇ ਸਮਾਗਮ ਵਿੱਚ ਸ਼ਾਮਿਲ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ।ਸ਼੍ਰੋਮਣੀ ਕਮੇਟੀ ਮੈਂਬਰ ਸ. ਖੁਸ਼ਵਿੰਦਰ ਸਿੰਘ ਭਾਟੀਆ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਿਲ ਸਿੰਘ ਸਭਾਵਾਂ,ਧਾਰਮਿਕ ਜਥੇਬੰਦੀਆਂ, ਗਤਕਾ ਪਾਰਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਸੰਤਾਂ-ਮਹਾਂਪੁਰਸ਼ਾਂ, ਸਕੂਲਾਂ  ਤੇ ਕਾਲਜਾਂ ਦੇ ਪ੍ਰਬੰਧਕਾਂ ਅਤੇ ਦੂਰ-ਦੁਰਾਂਡੇ ਤੋਂ ਆਈਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਜੀ ਆਇਆ ਕਿਹਾ।ਯਾਦ ਰਹੇ ਕਿ ਆਪਣੇ ਦੂਸਰੇ ਦਿਨ ਦੇ ਪੜਾਅ ੯ ਮਾਰਚ ਨੂੰ ਰਾਤ ਸਮੇਂ ਨਗਰ ਕੀਰਤਨ ਗੁਰਦੁਆਰਾ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਹਨੂੰਮਾਨਗੜ੍ਹ (ਰਾਜਿਸਥਾਨ) ਵਿਖੇ ਵਿਸਰਾਮ ਕਰਨ ਲਈ ਰੁਕਿਆ ਸੀ।ਗੁਰਦੁਆਰਾ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਉਹ ਪਵਿੱਤਰ ਅਸਥਾਨ ਹੈ ਜਿਥੇ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਜ਼ਾਲਮ ਮੱਸੇ ਰੰਗੜ ਦਾ ਸਿਰ ਲਾਹ ਕੇ ਆਉਂਦੇ ਹੋਏ ਰਾਤ ਵਿਸ਼ਰਾਮ ਕਰਨ ਲਈ ਰੁਕੇ ਸਨ।੧੦ ਮਾਰਚ ਦੀ ਆਪਣੀ ਰਵਾਨਗੀ ਗੁਰਦੁਆਰਾ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਹਨੂੰਮਾਨਗੜ੍ਹ (ਰਾਜਿਸਥਾਨ) ਤੋਂ ਕਰਕੇ ਨਗਰ ਕੀਰਤਨ ਰਾਵਤਸਰ, ਸਰਦਾਰ ਸ਼ਹਿਰ, ਫਤਹਿਪੁਰ, ਲਕਸ਼ਮਨ ਨਗਰ, ਸੀਕਰ, ਗੋਵਿੰਦਗੜ੍ਹ ਤੋਂ ਹੁੰਦਾ ਹੋਇਆ ਗੁਰਦੁਆਰਾ ਰਾਜਾ ਪਾਰਕ, ਵਿਸ਼ਾਲੀ ਨਗਰ, ਜੈਪੁਰ (ਰਾਜਿਸਥਾਨ) ਵਿਖੇ ਰਾਤ ਵਿਸ਼ਰਾਮ ਕਰੇਗਾ ਤੇ ਇਥੋਂ ੧੧ ਮਾਰਚ ਨੂੰ ਸਵੇਰੇ ਗੁਰਦੁਆਰਾ ਜਨਮ ਅਸਥਾਨ ਭਗਤ ਧੰਨਾ ਜੀ, ਧੂਆ ਕਲਾਂ, ਜ਼ਿਲ੍ਹਾਂ ਟਾਂਕ (ਰਾਜਿਸਥਾਨ) ਲਈ ਰਵਾਨਾ ਹੋਵੇਗਾ।ਜਿਥੇ ਸੰਤ ਬਾਬਾ ਲੱਖਾ ਸਿੰਘ ਸਰਹਾਲੀ ਕਾਰ ਸੇਵਾ ਵਾਲਿਆਂ ਵੱਲੋਂ ਸ਼੍ਰੋਮਣੀ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ੧੧ ਮਾਰਚ ਤੋਂ ੧੩ ਮਾਰਚ ਤੱਕ ਗੁਰਮਤਿ ਸਮਾਗਮ ਕਰਵਾਏ ਜਾਣਗੇ।
ਨਗਰ ਕੀਰਤਨ ਦੇ ਪਹਿਲੇ ਦਿਨ ਤੋਂ ਹੀ ਪੰਜ ਪਿਆਰਿਆ ਦੀ ਸੇਵਾ ਕ੍ਰਮਵਾਰ ਭਾਈ ਗੁਰਮੁਖ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਸਰਵਣ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਕ੍ਰਿਸ਼ਨਪਾਲ ਸਿੰਘ ਤੇ ਭਾਈ ਕੁਲਵੰਤ ਸਿੰਘ ਨਿਭਾਅ ਰਹੇ ਹਨ।ਇਸੇ ਤਰ੍ਹਾਂ ਨਿਸ਼ਾਨਚੀ ਸਿੰਘਾਂ ਦੀ ਸੇਵਾ ਭਾਈ ਹਰਪ੍ਰੀਤ ਸਿੰਘ, ਭਾਈ ਗੁਰਨਾਮ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਜਸਵੰਤ ਸਿੰਘ, ਭਾਈ ਪ੍ਰਗਟ ਸਿੰਘ ਤੇ ਭਾਈ ਗੁਰਸਿੰਦਰ ਸਿੰਘ ਨਿਭਾਅ ਰਹੇ ਹਨ।ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹਜ਼ੂਰੀ ਵਿੱਚ ਭਾਈ ਬਿਕਰਮਜੀਤ ਸਿੰਘ ਤੇ ਭਾਈ ਦਵਿੰਦਰ ਸਿੰਘ ਗ੍ਰੰਥੀ ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ, ਭਾਈ ਸਤਨਾਮ ਸਿੰਘ ਤੇ ਭਾਈ ਹਰਸੇਵਕ ਸਿੰਘ ਗ੍ਰੰਥੀ ਗੁਰਦੁਆਰਾ ਛੇਹਰਟਾ ਸਾਹਿਬ, ਭਾਈ ਅਰਜਨ ਸਿੰਘ ਤੇ ਭਾਈ ਗੁਰਦੇਵ ਸਿੰਘ ਬੀੜ ਬਾਬਾ ਬੁੱਢਾ ਸਾਹਿਬ ਅਤੇ ਭਾਈ ਅਵਤਾਰ ਸਿੰਘ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇ ਹਾਜ਼ਰੀਆਂ ਭਰੀਆਂ।ਭਾਈ ਜਸਬੀਰ ਸਿੰਘ ਵਲਟੋਹਾ ਤੇ ਭਾਈ ਹਰਪਾਲ ਸਿੰਘ ਢੰਡ ਦੇ ਢਾਡੀ ਜਥੇ ਤੇ ਭਾਈ ਗੁਰਿੰਦਰਪਾਲ ਸਿੰਘ ਬੈਂਕਾ ਅਤੇ ਭਾਈ ਨਿਸ਼ਾਨ ਸਿੰਘ ਝਬਾਲ ਦੇ ਕਵੀਸ਼ਰੀ ਜਥੇ ਨੇ ਜਗ੍ਹਾ-ਜਗ੍ਹਾ ਲੱਗੇ ਦੀਵਾਨਾਂ ਵਿੱਚ ਭਗਤ ਧੰਨਾ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਵਾਰਾਂ ਗਾਈਆਂ।ਭਾਈ ਹੀਰਾ ਸਿੰਘ ਮਨਿਹਾਲਾ, ਭਾਈ ਗੁਰਬਚਨ ਸਿੰਘ ਕਲਸੀਆ, ਭਾਈ ਇੰਦਰਜੀਤ ਸਿੰਘ ਤੇ ਭਾਈ ਲਖਮੀਰ ਸਿੰਘ ਕੱਕਾ ਕੰਡਿਆਲਾ ਪ੍ਰਚਾਰਕਾਂ ਨੇ ਸਟੇਜ ਸਕੱਤਰ ਦੀ ਸੇਵਾ ਦੇ ਨਾਲ-ਨਾਲ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜੀ ਰੱਖਿਆ।ਫਸਟ ਏਡ ਦੀ ਸੇਵਾ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਐਂਡ ਸਾਇੰਸਿਜ਼ ਚੈਰੀਟੇਬਲ ਹਸਪਤਾਲ ਟਰੱਸਟ ਵੱਲਾ ਦੇ ਸਟਾਫ ਨੇ ਨਿਭਾਈ।ਰਸਤੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਲੰਗਰ ਲਗਾਏ ਗਏ,ਆਤਿਸ਼ਬਾਜੀ ਚਲਾਈ ਗਈ ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਗਏ।ਇਸ ਮੌਕੇ ਨਿਗਰਾਨ ਪ੍ਰਬੰਧਕਾਂ ਵਜੋਂ ਸ. ਚਾਨਣ ਸਿੰਘ ਮੀਤ ਸਕੱਤਰ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ,ਸ. ਜਰਨੈਲ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਸ. ਸਤਨਾਮ ਸਿੰਘ ਮੀਤ ਮੈਨੇਜਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਝਬਾਲ, ਸ. ਬਲਦੇਵ ਸਿੰਘ ਸ/ਸੁਪਰਵਾਈਜ਼ਰ, ਸ. ਰੇਸ਼ਮ ਸਿੰਘ, ਸ. ਦਿਲਬਾਗ ਸਿੰਘ, ਸ. ਗੁਰਵਿੰਦਰ ਸਿੰਘ ਤੇ ਸ. ਹਰਮਿੰਦਰਬੀਰ ਸਿੰਘ ਗੁਰਦੁਆਰਾ ਇੰਸਪੈਕਟਰ ਨੇ ਸੇਵਾਵਾਂ ਨਿਭਾਈਆਂ।