ਸ੍ਰੀ ਅੰਮ੍ਰਿਤਸਰ, ੨੦ ਦਸੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਸਿੱਧ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਵੱਲੋਂ ਸੰਪਾਦਿਤ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਪ੍ਰਕਾਸ਼ਿਤ ਖੋਜ ਭਰਪੂਰ ਪੁਸਤਕ ‘ਸਿੱਖ ਇਤਿਹਾਸ ਦੇ ਫਾਰਸੀ ਸਰੋਤ’ ਸੰਗਤ ਅਰਪਣ ਕੀਤੀ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਮੀਡੀਆ ਸ. ਦਿਲਜੀਤ ਸਿੰਘ ਬੇਦੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਲੌਂਗੋਵਾਲ ਨੇ ਬੀਤੇ ਕੱਲ੍ਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਸਿੱਧ ਸਿੱਖ ਵਿਦਵਾਨਾਂ ਦੀ ਹਾਜ਼ਰੀ ਵਿਚ ਇਹ ਪੁਸਤਕ ਜਾਰੀ ਕੀਤੀ। ਇਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ: ਮਨਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ ਕੁਲਪਤੀ ਡਾ. ਜਸਪਾਲ ਸਿੰਘ, ਪ੍ਰਸਿੱਧ ਸਿੱਖ ਵਿਦਵਾਨ ਡਾ. ਕੇਹਰ ਸਿੰਘ, ਡਾ. ਬਲਕਾਰ ਸਿੰਘ ਤੇ ਡਾ. ਸੁਖਦਿਆਲ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਸ਼੍ਰੋਮਣੀ ਕਮੇਟੀ ਨੇ ਸਿੱਖ ਸਾਹਿਤ ਦੀ ਪ੍ਰਕਾਸ਼ਨਾ ਦੁਆਰਾ ਜ਼ਿਕਰਯੋਗ ਹਿੱਸਾ ਪਾਇਆ ਹੈ। ਇਸੇ ਲੜੀ ਅਧੀਨ ਪ੍ਰਸਿੱਧ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਦੀ ਗੁਰੂ ਕਾਲ ਨਾਲ ਸਬੰਧਤ ਫਾਰਸੀ ਸਰੋਤਾਂ ਬਾਰੇ ਇਹ ਪੁਸਤਕ ਮਹੱਤਵਪੂਰਨ ਸਥਾਨ ਗ੍ਰਹਿਣ ਕਰਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੇ ਬਹੁਤੇ ਸਰੋਤ ਫਾਰਸੀ ਵਿਚ ਹਨ ਜੋ ਨਵੀਂ ਪੀੜੀ ਦੇ ਚਿੰਤਕਾਂ ਦੀ ਪਹੁੰਚ ਤੋਂ ਦੂਰ ਹਨ। ਇਸ ਲਈ ਡਾ. ਬੇਦੀ ਦੀ ਇਹ ਪੁਸਤਕ ਹੋਰ ਵੀ ਅਹਿਮ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਡਾ. ਬੇਦੀ ਭਵਿੱਖ ਵਿਚ ਵੀ ਅਜਿਹੀਆਂ ਪੁਸਤਕਾਂ ਸਿੱਖ ਜਗਤ ਦੀ ਝੋਲੀ ਪਾਉਂਦੇ ਰਹਿਣਗੇ।
ਇਸ ਮੌਕੇ ਡਾ. ਬਲਕਾਰ ਸਿੰਘ ਅਤੇ ਡਾ. ਸੁਖਦਿਆਲ ਸਿੰਘ ਨੇ ਵੀ ਪੁਸਤਕ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਡਾ. ਬੇਦੀ ਨੇ ਜਿੱਥੇ ਡਾ. ਗੰਡਾ ਸਿੰਘ ਦੁਆਰਾ ਸੰਗ੍ਰਹਿਤ ਫਾਰਸੀ ਪੁਸਤਕ ‘ਮਾਖ਼ਿਜ਼ ਤਵਾਰੀਖ਼ਿ ਸਿੱਖਾਂ’ ਦਾ ਪੰਜਾਬੀ ਅਨੁਵਾਦ ਕੀਤਾ ਹੈ, ਉਥੇ ਹੀ ਪਹਿਲੇ ੧੨੦ ਪੰਨਿਆਂ ਵਿਚ ਵਿਸ਼ੇਸ਼ ਸੰਪਾਦਕੀ ਸਿਰਜ ਕੇ ਫਾਰਸੀ ਸਰੋਤਾਂ ਵਿਚਲੀਆਂ ਗੁੰਝਲਾਂ ਸਬੰਧੀ ਵੀ ਆਪਣੀ ਰਾਇ ਦਿੱਤੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸ. ਜਗਜੀਤ ਸਿੰਘ ਜੱਗੀ ਅਤੇ ਸ. ਦਰਸ਼ਨ ਸਿੰਘ ਵੀ ਹਾਜ਼ਰ ਸਨ।