ਅੰਮ੍ਰਿਤਸਰ, 01 ਦਸੰਬਰ- ਦੁਨੀਆਂ ਦੇ ਪ੍ਰਮੁੱਖ ਦੇਸ਼ ਅਮਰੀਕਾ ਅੰਦਰ ਯੂਬਾ ਸਿਟੀ ਦੀ ਪਹਿਲੀ ਸਿੱਖ ਮੇਅਰ ਬਣੀ ਪ੍ਰੀਤ ਡਿਡਬਾਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਧਾਈ ਦਿੱਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬੀਬੀ ਪ੍ਰੀਤ ਡਿਡਬਾਲ ਦੀ ਇਹ ਪ੍ਰਾਪਤੀ ਮਿਸਾਲੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅੰਦਰ ਯੁਬਾ ਸਿਟੀ ਸਿੱਖ ਆਬਦੀ ਵਾਲਾ ਇਲਾਕਾ ਹੈ ਅਤੇ ਇਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ। ਇਸ ਕਰਕੇ ਇਥੋਂ ਦਾ ਮੇਅਰ ਸਿੱਖਾਂ ਵਿੱਚੋਂ ਬਣਨਾ ਹੋਰ ਵੀ ਵੱਡੇ ਅਰਥ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬੀਆਂ ਅਤੇ ਖ਼ਾਸਕਰ ਸਿੱਖਾਂ ਨੇ ਵੱਖ-ਵੱਖ ਦੇਸ਼ਾਂ ਅੰਦਰ ਰਾਜਨੀਤੀ, ਪ੍ਰਸ਼ਾਸਕੀ ਤੇ ਵਪਾਰਕ ਖੇਤਰਾਂ ਅੰਦਰ ਅਹਿਮ ਸਥਾਨ ਪ੍ਰਾਪਤ ਕੀਤੇ ਹਨ ਅਤੇ ਹੁਣ ਇਕ ਵਾਰ ਫਿਰ ਪ੍ਰੀਤ ਡਿਡਬਾਲ ਦੇ ਅਮਰੀਕਾ ਵਿਚ ਮੇਅਰ ਬਣਨ ਨਾਲ ਇਸ ਲੜੀ ਵਿਚ ਇਕ ਹੋਰ ਵਾਧਾ ਹੋਇਆ ਹੈ। ਉਨ੍ਹਾਂ ਇਸ ਗੱਲ ‘ਤੇ ਵੀ ਪ੍ਰਸੰਨਤਾ ਪ੍ਰਗਟ ਕੀਤੀ ਕਿ ਮੇਅਰ ਬਣਨ ਵਾਲੀ ਇਕ ਔਰਤ ਹੈ ਅਤੇ ਇਸ ਨਾਲ ਸਾਡੀਆਂ ਹੋਰਨਾਂ ਬੱਚੀਆਂ ਨੂੰ ਵੀ ਅੱਗੇ ਵਧਣ ਦੀ ਪ੍ਰੇਰਣਾ ਮਿਲੇਗੀ।