ਅੰਮ੍ਰਿਤਸਰ, 8 ਸਤੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਸੱਜਣ ਸਿੰਘ ਬੱਜੂਮਾਨ ਦੇ ਘਰ ਪੁੱਜ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ. ਬੱਜੂਮਾਨ ਦੇ ਸਪੁੱਤਰ ਸ. ਬਲਜਿੰਦਰ ਸਿੰਘ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ. ਸੱਜਣ ਸਿੰਘ ਬੱਜੂਮਾਨ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਕਾਰਜਾਂ ਲਈ ਸੁਚੱਜੀ ਅਗਵਾਈ ਦੇਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਇਕ ਨੇਕਦਿਲ ਇਨਸਾਨ ਸਨ, ਜੋ ਧਾਰਮਿਕ ਕਾਰਜਾਂ ਨੂੰ ਹਮੇਸ਼ਾ ਪਹਿਲ ਦਿੰਦੇ ਸਨ। ਭਾਈ ਲੌਂਗੋਵਾਲ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਵਿਚ ਰਹਿੰਦਿਆਂ ਇਕ ਚੰਗੇ ਸਾਥੀ ਵਜੋਂ ਸ. ਬੱਜੂਮਾਨ ਹਰ ਮਸਲੇ ਉਪਰ ਸੰਜੀਦਾ ਰਾਇ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਇਕ ਪੰਥ-ਪ੍ਰਸਤ ਸ਼ਖਸੀਅਤ ਦਾ ਤੁਰ ਜਾਣਾ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਲਈ ਵੱਡਾ ਘਾਟਾ ਹੈ। ਇਸ ਮੌਕੇ ਹਲਕੇ ਦੇ ਸੀਨੀਅਰ ਅਕਾਲੀ ਆਗੂ ਸ. ਰਵੀਕਰਨ ਸਿੰਘ ਕਾਹਲੋਂ, ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਨਾਮ ਸਿੰਘ ਜੱਸਲ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਨਿੱਜੀ ਸਹਾਇਕ ਸ. ਦਰਸ਼ਨ ਸਿੰਘ, ਮੈਨੇਜਰ ਸ. ਗੁਰਤਿੰਦਰਪਾਲ ਸਿੰਘ, ਸ. ਮਨਜੀਤ ਸਿੰਘ ਆਦਿ ਮੌਜੂਦ ਸਨ।
ਇਸੇ ਦੌਰਾਨ ਭਾਈ ਲੌਂਗੋਵਾਲ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਾਵਾ ਸਿੰਘ ਗੁਮਾਨਪੁਰਾ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਦੇ ਅਕਾਲ ਚਲਾਣੇ ਦਾ ਅਫਸੋਸ ਕਰਨ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ। ਭਾਈ ਲੌਂਗੋਵਾਲ ਨੇ ਸ. ਗੁਮਾਨਪੁਰਾ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਸ. ਮਹਿੰਦਰ ਸਿੰਘ ਆਹਲੀ, ਗੁਰਦੁਆਰਾ ਛੇਹਰਟਾ ਸਾਹਿਬ ਦੇ ਮੈਨੇਜਰ ਸ. ਲਾਲ ਸਿੰਘ ਤੇ ਹੋਰ ਮੌਜੂਦ ਸਨ।