ਅੰਮ੍ਰਿਤਸਰ, 3 ਅਗਸਤ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਜ਼ਿਲ੍ਹਾ ਕਸੂਰ ਦੇ ਕਸਬਾ ਕੰਗਨਪੁਰ ‘ਚ ਸਥਿਤ ਗੁਰਦੁਆਰਾ ਛੋਟਾ ਨਨਕਾਣਾ ਸਾਹਿਬ ਨੂੰ ਕਬਜ਼ਾ ਧਾਰਕਾਂ ਕੋਲੋਂ ਛੁਡਵਾ ਕੇ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਿਆ ਜਾਵੇ। ਕੁਝ ਅਖ਼ਬਾਰਾਂ ਵਿਚ ਇਸ ਸਬੰਧੀ ਛਪੀ ਖ਼ਬਰ ਮਗਰੋਂ ਭਾਈ ਲੌਂਗੋਵਾਲ ਨੇ ਕਿਹਾ ਕਿ ਪਾਕਿਸਤਾਨ ਅੰਦਰ ਬਹੁਤ ਸਾਰੇ ਗੁਰਧਾਮ ਮੌਜੂਦ ਹਨ, ਜਿਨ੍ਹਾਂ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ, ਇਨ੍ਹਾਂ ਦੀ ਸੁਰੱਖਿਆ ਅਤੇ ਰਖਵਾਲੀ ਕਰਨਾ ਉਥੇ ਦੀ ਸਰਕਾਰ ਦਾ ਫ਼ਰਜ਼ ਹੈ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕਸਬਾ ਕੰਗਨਪੁਰ ‘ਚ ਸਥਿਤ ਅਸਥਾਨ ਨੂੰ ਕਬਜ਼ਾ ਮੁਕਤ ਕਰਵਾ ਕੇ ਸੰਗਤ ਅਰਪਣ ਕੀਤਾ ਜਾਵੇ। ਇਸ ਸਬੰਧੀ ਦਫ਼ਤਰ ਤੋਂ ਜ਼ਾਰੀ ਇਕ ਪ੍ਰੈਸ ਬਿਆਨ ਵਿਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਉਸਾਰੇ ਗਏ ਗੁਰਦੁਆਰਾ ਛੋਟਾ ਨਨਕਾਣਾ ਸਾਹਿਬ ਕੰਗਨਪੁਰ ਕਸੂਰ ਵਿਚ ੧੯੪੭ ਦੀ ਵੰਡ ਵੇਲੇ ਇਕ ਪਰਿਵਾਰ ਆਣ ਕੇ ਠਹਿਰਿਆ ਸੀ, ਜੋ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇਸ ਸਬੰਧੀ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਸੰਗਤਾਂ ਦੀਆਂ ਭਾਵਨਾਵਾਂ ਨੂੰ ਬੇਹਤਰ ਸਮਝਦੀ ਹੈ ਅਤੇ ਆਸ ਹੈ ਕਿ ਇਸ ਮਾਮਲੇ ਵਿਚ ਵੀ ਤੁਰੰਤ ਕਦਮ ਉਠਾਏਗੀ।