ਅੰਮ੍ਰਿਤਸਰ, 27 ਅਪ੍ਰੈਲ-
ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਂਰਾਸ਼ਟਰ ਵਿਖੇ ਤਾਲਾਬੰਦੀ ਦੌਰਾਨ ਰੁਕੀ ਸੰਗਤ ਨੂੰ ਵਾਪਸ ਲਿਆਉਣ ਲਈ ਭੇਜੀਆਂ ਗਈਆਂ ਬੱਸਾਂ ਦੇ ਇਕ ਡਰਾਇਵਰ ਸ. ਮਨਜੀਤ ਸਿੰਘ ਦੀ ਮੌਤ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਈ ਲੌਂਗੋਵਾਲ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਸ਼ੋਕ ਸੁਨੇਹੇ ਵਿਚ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰੀ ਮੁਲਾਜ਼ਮਾਂ ਸਮੇਤ ਬਹੁਤ ਸਾਰੇ ਲੋਕ ਸੇਵਾ ਲਈ ਕਾਰਜਸ਼ੀਲ ਹਨ। ਅਜਿਹੇ ਵਿਚ ਸੰਗਤ ਨੂੰ ਲਿਆਉਣ ਲਈ ਭੇਜੀਆਂ ਬੱਸਾਂ ਦੇ ਡਰਾਇਵਰਾਂ ਵਿੱਚੋਂ ਸ. ਮਨਜੀਤ ਸਿੰਘ ਦੀ ਦਿਲ ਦੇ ਦੌਰੇ ਕਾਰਨ ਹੋਈ ਮੌਤ ਦੁਖਦਾਈ ਹੈ। ਉਨ੍ਹਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਹੌਸਲਾ ਦਿੱਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ. ਮਨਜੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਕਰਤਾ ਪੁਰਖ ਅੱਗੇ ਅਰਦਾਸ ਵੀ ਕੀਤੀ।