ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇੰਦੌਰ ਦੇ ਗੁਰਦੁਆਰਾ ਸਾਹਿਬ ਵਿਖੇ ਕਾਰ ਸੇਵਾ ‘ਚ ਲਿਆ ਹਿੱਸਾ

ਅੰਮ੍ਰਿਤਸਰ, 13 ਜੂਨ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇੰਦੌਰ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਬੇਟਮਾਂ ਸਾਹਿਬ ਵਿਖੇ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਸਿਕਲੀਗਰ ਸਿੱਖਾਂ ਦੇ ਬੱਚਿਆਂ ਲਈ ਇੰਦੌਰ ਵਿਖੇ ਉਦਯੋਗਿਕ ਸਿਖਲਾਈ ਕੇਂਦਰ ਸਥਾਪਤ ਕਰੇਗੀ ਅਤੇ ਸਿਕਲੀਗਰ ਸਿੱਖ ਭਾਈਚਾਰੇ ਨੂੰ ਸਿੱਖਾਂ ਦੇ ਰਵਾਇਤੀ ਸ਼ਸਤਰ ਬਣਾਉਣ ਲਈ ਦਸਤਕਾਰੀ ਸਕੂਲ (ਕਾਰਖਾਨਾ) ਲਗਾਉਣ ਲਈ ਵੀ ਸਹਾਇਤਾ ਦੇਵੇਗੀ। ਭਾਈ ਲੌਂਗੋਵਾਲ ਬਾਬਾ ਘੋਲਾ ਸਿੰਘ ਸਰਹਾਲੀ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਦੀ ਪਹਿਲੀ ਮੰਜ਼ਲ ਦੇ ਲੈਂਟਰ ਦੀ ਕਾਰਸੇਵਾ ਸਮੇਂ ਇੰਦੌਰ ਵਿਖੇ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਵੀ ਮੌਜੂਦ ਸਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿਕਲੀਗਰ ਸਿੱਖ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਸਿੱਖੀ ਨਾਲ ਜੁੜੇ ਹੋਏ ਹਨ ਅਤੇ ਸ਼੍ਰੋਮਣੀ ਕਮੇਟੀ ਇਨ੍ਹਾਂ ਦੀ ਹਰ ਸੰਭਵ ਮੱਦਦ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿਕਲੀਗਰ ਸਿੱਖਾਂ ਨੂੰ ਰਵਾਇਤੀ ਸਿੱਖ ਸ਼ਸਤਰ ਤਿਆਰ ਕਰਨ ਵਿਚ ਮੁਹਾਰਤ ਹਾਸਲ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਅੰਮ੍ਰਿਤ ਸੰਚਾਰ ਸਮਾਗਮਾਂ ਲਈ ਸਿਕਲੀਗਰ ਸਿੱਖਾਂ ਪਾਸੋਂ ਕਿਰਪਾਨਾਂ ਤੇ ਕੜੇ ਖਰੀਦੇ ਜਾਇਆ ਕਰਨਗੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਿਕਲੀਗਰ ਸਿੱਖਾਂ ਦੇ ਇਕ ਹਜ਼ਾਰ ਬੱਚਿਆਂ ਨੂੰ ਦੁਨਿਆਵੀ ਅਤੇ ਗੁਰਮਤਿ ਦੀ ਵਿਦਿਆ ਦੇਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਵੀ ਸੰਬੋਧਨ ਕੀਤਾ। ਸ. ਜੀ.ਕੇ. ਨੇ ਸਿਕਲੀਗਰ ਸਿੱਖਾਂ ਦੇ ਬੱਚਿਆਂ ਲਈ ਬਣਾਏ ਜਾਣ ਵਾਲੇ ਉਦਯੋਗਿਕ ਸਿਖਲਾਈ ਕੇਂਦਰ ਵਾਸਤੇ ਪੰਜ ਲੱਖ ਰੁਪਏ ਦਾ ਚੈੱਕ ਵੀ ਦਿੱਤਾ। ਇਸ ਤੋਂ ਪਹਿਲਾਂ ਇੰਦੌਰ ਪਹੁੰਚਣ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ, ਜਨਰਲ ਸਕੱਤਰ ਤੇ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦਿਆਂ, ਸਥਾਨਕ ਸਿੱਖ ਆਗੂਆਂ ਅਤੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।

ਇਸ ਮੌਕੇ ਬਾਬਾ ਘੋਲਾ ਸਿੰਘ ਕਾਰਸੇਵਾ ਸਰਹਾਲੀ ਵਾਲੇ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਧਰਮ ਪ੍ਰਚਾਰ ਕਮੇਟੀ ਦਿੱਲੀ ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ, ਸ੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਪ੍ਰਧਾਨ ਸ. ਮਨਜੀਤ ਸਿੰਘ ਰਿੰਕੂ ਭਾਟੀਆ, ਜਨਰਲ ਸਕੱਤਰ ਸ. ਜਸਬੀਰ ਸਿੰਘ ਗਾਂਧੀ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਦਰਸ਼ਨ ਸਿੰਘ ਲੌਂਗੋਵਾਲ, ਬਾਬਾ ਗਿਆਨ ਸਿੰਘ ਮਨਹਾਲਾ, ਬਾਬਾ ਤੇਗਾ ਸਿੰਘ ਸ਼ਿਵਪੁਰੀ, ਕਾਰਸੇਵਾ ਸੰਪ੍ਰਦਾ ਭੂਰੀਵਾਲਿਆਂ ਵੱਲੋਂ ਬਾਬਾ ਸਰਪੰਚ ਜੀ ਉਜੈਨ, ਗਿਆਨੀ ਗੁਰਮੀਤ ਸਿੰਘ, ਸ. ਚਰਨਬੀਰ ਸਿੰਘ, ਸ. ਨਿਰਮਲ ਸਿੰਘ ਇੰਦੌਰ, ਸ. ਮਨਵਿੰਦਰ ਸਿੰਘ, ਸ. ਅਮਰਜੀਤ ਸਿੰਘ, ਸ. ਦਿਲਬਾਗ ਸਿੰਘ, ਬਾਬਾ ਗੁਰਭੇਜ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।