ਅੰਮ੍ਰਿਤਸਰ 24 ਅਗਸਤ (         ) ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਫੌਜ ਵੱਲੋਂ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਪਿੰਡ ਸਾਲ੍ਹੀਆ ‘ਤੇ ਹਮਲਾ ਕਰ ਕੇ ਗੁਰਦੁਆਰਾ ਸਾਹਿਬ ਦੀ ਭੰਨਤੋੜ ਅਤੇ ਮਰਯਾਦਾ ਭੰਗ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਫੌਜ ਦੀ ਇਸ ਘਿਨਾਉਣੀ ਕਾਰਵਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ ਹੈ।
ਇਥੋਂ ਜਾਰੀ ਇਕ ਪ੍ਰੈਸ ਨੋਟ ਵਿਚ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਸ. ਦਿਲਜੀਤ ਸਿੰਘ ‘ਬੇਦੀ’ ਨੇ ਕਿਹਾ ਕਿ ਕਸ਼ਮੀਰ ਵਿਚ ਵੱਸਦੇ ਸਿੱਖਾਂ ਵੱਲੋਂ ਇਹ ਘਟਨਾ ਸਾਡੇ ਧਿਆਨ ਵਿਚ ਲਿਆਂਦੀ ਗਈ ਹੈ। ਇਸ ਪਿੰਡ ਦੇ ਘਰਾਂ ਨੂੰ ਵੀ ਫੌਜੀ ਦਲਾਂ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਹੀ ਕਸ਼ਮੀਰੀ ਸਿੱਖਾਂ ਦਾ ਇਕ ਵਫਦ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਮਿਲਿਆ ਸੀ ਜਿਸ ਨੇ ਇਹ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਅਸੀਂ ਦੁਵੱਲੀ ਚੱਕੀ ਵਿਚ ਬੁਰੀ ਤਰ੍ਹਾਂ ਪਿਸ ਰਹੇ ਹਾਂ। ਕਸ਼ਮੀਰ ਵਿਚ ਸਾਡਾ ਜੀਵਨ ਦੁੱਭਰ ਹੋਇਆ ਪਿਆ ਹੈ। ਜਿਸਦਾ ਸਬੂਤ ਭਾਰਤੀ ਫੌਜ ਵੱਲੋਂ ਸਾਡੇ ਉਪਰ ਹਮਲਾ ਕਰ ਕੇ ਦੇ ਦਿੱਤਾ ਗਿਆ ਹੈ। ਸ. ਬੇਦੀ ਨੇ ਕਿਹਾ ਕਿ ਇਸ ਸਾਰੀ ਘਟਨਾ ਬਾਰੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ। ਉਨ੍ਹਾਂ ਨੇ ਕਸ਼ਮੀਰ ਵਿਚ ਸਿੱਖਾਂ ਨਾਲ ਹੋ ਰਹੀ ਜ਼ਿਆਦਤੀ ਸਬੰਧੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਮੁਲਾਕਾਤ ਲਈ ਸਮੇਂ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਸਿੱਖ ਇਸ ਨਾਜ਼ੁਕ ਹਾਲਾਤ ਵਿਚ ਏਕਤਾ ਤੇ ਹੌਂਸਲੇ ਦਾ ਸਬੂਤ ਦੇਣ ਸਮੁੱਚੀ ਕੌਮ ਉਨ੍ਹਾਂ ਦੀ ਪਿੱਠ ‘ਤੇ ਹੈ।
ਸ. ਬੇਦੀ ਨੇ ਕਿਹਾ ਕਿ ਜਦੋਂ ਸਾਬਕਾ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਕਸ਼ਮੀਰ ਦੇ ਦੌਰੇ ‘ਤੇ ਸਨ ਤਾਂ ਉਸ ਸਮੇਂ ਚਿੱਠੀਸਿੰਗਪੁਰਾ ‘ਤੇ ਅੱਤਵਾਦੀਆਂ ਨੇ ਹਮਲਾ ਕਰਕੇ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਮਾਰ ਮੁਕਾਇਆ ਸੀ। ਹੁਣ ਇਸ ਸਮੇਂ ਕੇਂਦਰੀ ਗ੍ਰਹਿ ਮੰਤਰੀ ਕਸ਼ਮੀਰ ਫੇਰੀ ‘ਤੇ ਹਨ ਤੇ ਸਾਡੇ ਸਿੱਖ ਭਰਾਵਾਂ ਨੂੰ ਫੇਰ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।