ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਬੱਚਿਆਂ ਨੂੰ ਕੀਤਾ ਸਨਮਾਨਿਤ

ਸੰਗਤ ਦੀ ਸਹੂਲਤ ਲਈ ਲੈਬੋਰਟਰੀ ਦਾ ਵੀ ਕੀਤਾ ਉਦਘਾਟਨ

ਅੰਮ੍ਰਿਤਸਰ, 1 ਜੂਨ-
ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਦੇ ਮੰਤਵ ਨਾਲ ਗੁਰਦੁਆਰਾ ਸਾਹਿਬ ਹਮੀਦੀਆ ਰੋਡ ਭੋਪਾਲ (ਮੱਧ ਪ੍ਰਦੇਸ਼) ਵਿਖੇ ਲਗਾਏ ਗਏ ਗੁਰਮਤਿ ਟ੍ਰੇਨਿੰਗ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖ ਸਿਧਾਂਤਾਂ ਤੇ ਸਿੱਖ ਵਿਰਾਸਤ ਨਾਲ ਜੋੜਨ ਲਈ ਵੱਡਾ ਮਹੱਤਵ ਰੱਖਦੇ ਹਨ। ਉਨ੍ਹਾਂ ਕੈਂਪ ਪ੍ਰਬੰਧਕਾਂ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਕੈਂਪਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ। ਡਾ. ਰੂਪ ਸਿੰਘ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਕੈਂਪ ਦੌਰਾਨ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ। ਇਸ ਦੌਰਾਨ ਡਾ. ਰੂਪ ਸਿੰਘ ਨੇ ਪੰਜਾਬੀ ਚੰਗੀ ਤਰ੍ਹਾਂ ਪੜ੍ਹ ਸਕਣ ਵਾਲੇ ਇੱਕ ਸੌ ਦੇ ਕਰੀਬ ਬੱਚਿਆਂ ਨੂੰ ਆਪਣੇ ਵੱਲੋਂ ਸ਼੍ਰੋਮਣੀ ਕਮੇਟੀ ਦਾ ਮਾਸਿਕ ਧਾਰਮਿਕ ਮੈਗਜੀਨ ਗੁਰਮਤਿ ਪ੍ਰਕਾਸ਼ ਲਗਾਉਣ ਦਾ ਐਲਾਨ ਕੀਤਾ। ਇਹ ਕੈਂਪ 27 ਮਈ ਤੋਂ 1 ਜੂਨ ਤੱਕ ਲਗਾਇਆ ਗਿਆ, ਜਿਸ ਵਿਚ 200 ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਕੱਤਰ ਸ. ਅਮਰੀਕ ਸਿੰਘ ਨੇ ਸ਼੍ਰੋਮਣੀ ਕਮੇਟੀ ਅਤੇ ਸੰਗਤ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।

ਇਸੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਬਾਉਲੀ ਸਾਹਿਬ ਦੀ ਨਵੀਂ ਇਮਾਰਤ ਦਾ ਅਰਦਾਸ ਨਾਲ ਸ਼ੁੱਭ ਆਰੰਭ ਵੀ ਕੀਤਾ ਗਿਆ। ਇਸ ਤੋਂ ਇਲਾਵਾ ਗੁਰਦੁਆਰਾ ਟੇਕਰੀ ਸਾਹਿਬ ਵਿਖੇ ਸਥਾਪਿਤ ਕੀਤੀ ਗਈ ਸਾਹਿਬ ਚੈਰੀਟੇਬਲ ਪੋਲੀਕਲੀਨਿਕ ਤੇ ਪੈਥਾਲੋਜੀ ਲੈਬ ਦਾ ਉਦਘਾਟਨ ਵੀ ਕੀਤਾ ਗਿਆ। ਇਸ ਲੈਬੋਰਟਰੀ ਵਿਚ ਹਰ ਇੱਕ ਲੋੜਵੰਦ ਨੂੰ 60 ਫੀਸਦੀ ਛੋਟ ’ਤੇ ਟੈਸਟਾਂ ਦੀ ਸਹੂਲਤ ਦਿੱਤੀ ਜਾਵੇਗੀ। ਇਹ ਉਪਾਰਾਲਾ ਪਹਿਲੇ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਪਰਮਵੀਰ ਸਿੰਘ, ਸ. ਅਮਰੀਕ ਸਿੰਘ ਸਕੱਤਰ, ਸ. ਰਣਜੀਤ ਸਿੰਘ ਵਿੱਤ ਸਕੱਤਰ, ਸ. ਗੁਰਮੇਲ ਸਿੰਘ ਵਾਈਸ ਪ੍ਰਧਾਨ, ਬੀਬੀ ਸ਼ਤਿਲ ਕੌਰ, ਬੀਬੀ ਸਿਮਰਨ ਕੌਰ, ਸ. ਜਸਵਿੰਦਰ ਸਿੰਘ, ਸ. ਰਵਿੰਦਰ ਸਿੰਘ, ਗਿਆਨੀ ਦਲੀਪ ਸਿੰਘ ਸਾਬਾਕ ਪ੍ਰਧਾਨ, ਡਾ. ਜਸਬੀਰ ਕੌਰ, ਡਾ. ਨਰਮਤਾ ਚੌਦਰੀ, ਡਾ. ਗੋਸਵਾਮੀ, ਸ. ਕੁਲਦੀਪ ਸਿੰਘ ਗੁਲਾਟੀ ਚੇਅਰਮੈਨ ਪੰਜਾਬੀ ਅਕੈਡਮੀ ਸਮੇਤ ਹੋਰ ਮੌਜੂਦ ਸਨ।

ਭੋਪਾਲ ਦੀ ਗੁਰਦੁਆਰਾ ਕਮੇਟੀ ਨੇ ਕੀਤੀ ਵਿਲੱਖਣ ਪਹਿਲ-

ਭੋਪਾਲ ਤੋਂ ਜਾਣਕਾਰੀ ਦਿੰਦਿਆਂ ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭੋਪਾਲ ਦੇ ਆਗੂ ਸਿੱਖਾਂ ਵੱਲੋਂ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਹਮੀਦੀਆ ਰੋਡ ਅਤੇ ਖਾਲਸਾ ਯੂਥ ਵਿੰਗ ਭੋਪਾਲ ਦੇ ਨੁਮਾਇੰਦਿਆਂ ਵੱਲੋਂ ਲੋੜਵੰਦ ਸਿਕਲੀਗਰ ਸਿੱਖਾਂ ਨੂੰ ਸਵੈ ਨਿਰਭਰ ਬਣਾਉਣ ਲਈ ਉਨ੍ਹਾਂ ਦੇ ਰੁਜਗਾਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਅੰਦਰ ਵੱਸਦੇ ਸਿਕਲੀਗਰ ਸਿੱਖਾਂ ਦੀ ਮੱਦਦ ਲਈ ਜਿਥੇ ਸ਼੍ਰੋਮਣੀ ਕਮੇਟੀ ਹਮੇਸ਼ਾ ਮੋਹਰੀ ਰਹੀ ਹੈ ਉਥੇ ਹੀ ਭੋਪਾਲ ਦੀਆਂ ਸੰਗਤਾਂ ਨੇ ਵੀ ਉਨ੍ਹਾਂ ਦੀ ਬਾਂਹ ਫੜੀ ਹੈ। ਡਾ. ਰੂਪ ਸਿੰਘ ਅਨੁਸਾਰ ਸਥਾਨਕ ਸਿੱਖ ਆਗੂਆਂ ਵੱਲੋਂ ਲੋੜਵੰਦ ਸਿਕਲੀਗਰ ਪਰਿਵਾਰਾਂ ਨੂੰ ਛੋਟੇ ਛੋਟੇ ਕਾਰੋਬਾਰ ਖੋਲ੍ਹ ਕੇ ਦਿੱਤੇ ਜਾ ਰਹੇ ਹਨ। ਉਦਾਹਰਨ ਦੇ ਤੌਰ ’ਤੇ ਉਨ੍ਹਾਂ ਦੱਸਿਆ ਕਿ ਇੱਕ ਲੋੜਵੰਦ ਪਰਿਵਾਰ ਜਿਸ ਦੀਆਂ ਤਿੰਨ ਲੜਕੀਆਂ ਹਨ ਨੂੰ ਕਰਿਆਨੇ ਦੀ ਦੁਕਾਨ ਬਣਾ ਕੇ ਦਿਤੀ ਗਈ ਹੈ। ਇਸੇ ਤਰ੍ਹਾਂ ਹੀ ਕਈ ਹੋਰਾਂ ਨੂੰ ਵੀ ਅਜਿਹੀ ਹੀ ਮੱਦਦ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿਕਲੀਗਰ ਸਿੱਖਾਂ ਨੂੰ ਬਿਹਤਰ ਜੀਵਨ ਦੇਣ ਲਈ ਕੀਤਾ ਗਿਆ ਚੰਗਾ ਯਤਨ ਹੈ।