ਅੰਮ੍ਰਿਤਸਰ, ੨੧ ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੋਰ ਵਿਖੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਖ਼ਾਲਸਾਈ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਕੀਤਾ ਗਿਆ। ਜਥੇ ਦੀ ਅਗਵਾਈ ਕਰ ਰਹੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਅਤੇ ਜਨਰਲ ਪ੍ਰਬੰਧਕ ਸ. ਵਰਿੰਦਰ ਸਿੰਘ ਠਰੂ ਸੁਪਰਵਾਈਜ਼ਰ ਨੂੰ ਅੰਤਿੰ੍ਰਗ ਕਮੇਟੀ ਮੈਂਬਰ ਸ. ਲਖਬੀਰ ਸਿੰਘ ਅਰਾਈਆਂਵਾਲਾ, ਸਕੱਤਰ ਸ. ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਸੁਖਦੇਵ ਸਿੰਘ ਭੂਰਾਕੋਹਨਾ ਸਮੇਤ ਹੋਰ ਅਧਿਕਾਰੀਆਂ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਅੰਤ੍ਰਿੰਗ ਕਮੇਟੀ ਮੈਂਬਰ ਸ. ਲਖਬੀਰ ਸਿੰਘ ਅਰਾਈਆਂਵਾਲਾ ਨੇ ਕਿਹਾ ਕਿ ਪਾਕਿਸਤਾਨ ਵਿਖੇ ਸਿੱਖਾਂ ਦੇ ਅਨੇਕਾਂ ਇਤਿਹਾਸਕ ਅਸਥਾਨ ਅਤੇ ਗੁਰਦੁਆਰਾ ਸਾਹਿਬਾਨ ਮੌਜੂਦ ਹਨ ਅਤੇ ਵੱਖ-ਵੱਖ ਇਤਿਹਾਸਕ ਦਿਹਾੜਿਆਂ ਮੌਕੇ ਭੇਜੇ ਜਾਂਦੇ ਜਥਿਆਂ ਵਿਚ ਸ਼ਾਮਲ ਹੋ ਕੇ ਸੰਗਤਾਂ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਸੂਚੀ ਅਨੁਸਾਰ ਸਾਰੇ ਸ਼ਰਧਾਲੂਆਂ ਨੂੰ ਵੀਜੇ ਮਿਲੇ ਹਨ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਅਤੇ ਅਜਿਹਾ ਹਰ ਵਾਰ ਹੋਣਾ ਚਾਹੀਦਾ ਹੈ ਕਿਉਂਕਿ ਸ਼ਰਧਾਲੂਆਂ ਨੂੰ ਵੀਜਾ ਨਾ ਮਿਲਣ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਉਨ੍ਹਾਂ ਦੱਸਿਆ ਕਿ ਜਥੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਤੋਂ ਇਲਾਵਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਤਿੰਨ ਨਗ ਹਰਮੋਨੀਅਮ ਅਤੇ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ ਲਈ ਨਿਸ਼ਾਨ ਸਾਹਿਬ ਦੇ ਚੋਲੇ ਵੀ ਭੇਜੇ ਗਏ ਹਨ।
ਜਥੇ ਦੇ ਆਗੂ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਕਿਹਾ ਕਿ ਉਹ ਖੁਸ਼ਨਸੀਬ ਹਨ ਕਿ ਉਨ੍ਹਾਂ ਨੂੰ ਜਥੇ ਦੀ ਅਗਵਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ੨੦੧੯ ਵਿਚ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸਮਾਗਮਾਂ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੱਤੀ ਕਿ ਸ਼ਰਧਾਲੂ ਦਾ ਜਥਾ ਰੇਲ ਗੱਡੀ ਰਾਹੀਂ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਜਾਵੇਗਾ ਅਤੇ ੨੩ ਜੂਨ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪੁੱਜੇਗਾ। ੨੫ ਜੂਨ ਨੂੰ ਗੁਰਦੁਆਰਾ ਸੱਚਾ ਸੌਦਾ ਅਤੇ ੨੬ ਜੂਨ ਨੁੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਪੁੱਜੇਗਾ। ਇਸੇ ਤਰ੍ਹਾਂ ੨੮ ਜੂਨ ਨੂੰ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਰੋਵਾਲ, ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਦੇ ਦਰਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ੨੯ ਜੂਨ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਸ. ਬੇਦੀ ਅਨੁਸਾਰ ੩੦ ਜੂਨ ਨੂੰ ਜਥਾ ਵਾਪਸ ਭਾਰਤ ਪਰਤ ਆਵੇਗਾ।  
ਸ਼੍ਰੋਮਣੀ ਕਮੇਟੀ ਦਫਤਰ ਤੋਂ ਜਥਾ ਰਵਾਨਾ ਕਰਨ ਸਮੇਂ ਸਕੱਤਰ ਸ. ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਕੱਤਰ ਸਿੰਘ, ਸ. ਹਰਜਿਦਰ ਸਿੰਘ ਕੈਰੋਂਵਾਲ, ਸ. ਗੁਰਮੀਤ ਸਿੰਘ ਬੁੱਟਰ, ਸ. ਸੁਲੱਖਣ ਸਿੰਘ ਭੰਗਾਲੀ, ਸ. ਕਰਮਬੀਰ ਸਿੰਘ ਕਿਆਮਪੁਰ, ਸ. ਕਰਨਜੀਤ ਸਿੰਘ ਇੰਚਾਰਜ ਯਾਤਰਾ, ਸ. ਗੁਰਿੰਦਰਪਾਲ ਸਿੰਘ ਠਰੂ, ਸ. ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ, ਸ. ਅਰਜਨ ਸਿੰਘ ਸਮੇਤ ਹੋਰ ਹਾਜ਼ਰ ਸਨ।