ਅੰਮ੍ਰਿਤਸਰ, ੨੬ ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਭਰ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਮਾਰਚ ਮਹੀਨੇ ਵਿੱਚ ਕਰਵਾਏ ਜਾਣਗੇ। ਇਹ ਗੁਰਮਤਿ ਸਮਾਗਮ ਮਿਤੀ ੮ ਮਾਰਚ ੨੦੧੯ ਨੂੰ ਗੁਰਦੁਆਰਾ ਖਡੂਰ ਸਾਹਿਬ ਜੀ ਵਿਖੇ, ਮਿਤੀ ੧੧ ਮਾਰਚ ੨੦੧੯ ਨੂੰ ਗੁਰਦੁਆਰਾ ਸਾਹਿਬ ਲੱਖੀ ਜੰਗਲ ਵਿਖੇ, ਮਿਤੀ ੧੫ ਮਾਰਚ ੨੦੧੯ ਨੂੰ ਗੁਰਦੁਆਰਾ ਸੂਲੀਸਰ ਸਾਹਿਬ ਵਿਖੇ, ਮਿਤੀ ੧੬ ਮਾਰਚ ੨੦੧੯ ਨੂੰ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ, ਮਿਤੀ ੨੩ ਮਾਰਚ ੨੦੧੯ ਨੂੰ ਗੁਰਦੁਆਰਾ ਸਾਹਿਬ ਪਾ:ਨੌਵੀ ਬਾਬਾ ਬਕਾਲਾ ਸਾਹਿਬ ਵਿਖੇ, ੨੪ ਮਾਰਚ ੨੦੧੯ ਨੂੰ ਗੁਰਦੁਆਰਾ ਸਾਹਿਬ ਜੰਡ ਖਾਲੀ ਭੇਮੇ ਸ਼ਾਹ ਵਿਖੇ, ਮਿਤੀ ੩੦ ਮਾਰਚ ੨੦੧੯ ਨੂੰ ਗੁਰਦੁਆਰਾ ਸਾਹਿਬ ਫਕਰਸ਼ਾਹ ਥੇੜੀ ਵਿਖੇ ਕਰਵਾਏ ਜਾਣਗੇ। ਉਨਾ ਕਿਹਾ ਕਿ ਇੰਨਾ ਵਿਸ਼ੇਸ਼ ਗੁਰਮਤਿ ਸਮਾਗਮਾਂ ਨੂੰ ਕਰਵਾਉਣ ਦਾ ਉਦੇਸ਼ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛੱਕੋ ਦਾ ਘਰ-ਘਰ ਵਿੱਚ ਪ੍ਰਸਾਰ ਕਰਨਾ ਹੈ। ਇੰਨਾ ਸਮਾਗਮਾਂ ਨੂੰ ਕਰਵਾਉਣ ਲਈ ਸ੍ਰ:ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਬਤੌਰ ਕੋ-ਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਨਾ ਇਹ ਵੀ ਦੱਸਿਆ ਕਿ ਇਸੇ ਲੜੀ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਕਾਲਜਾਂ ਵਿੱਚ ਪੰਜ ਸੈਮੀਨਾਰ ਗੁਰੂ ਨਾਨਕ ਦੇਵ ਜੀ ਦੇ ਜਵੀਨ ਅਤੇ ਵਿਚਾਰਧਾਰਾ ‘ਤੇ ਅਧਾਰਿਤ ਕਰਵਾਏ ਜਾਣਗੇ।
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ੫੫੦ ਸਾਲਾਂ ਪ੍ਰਕਾਸ਼ ਗੁਰਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਅਤੇ ਨਾਨਕ ਨਾਮ ਲੇਵਾ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਸਾਰੀ ਦੁਨੀਆਂ ਵਿੱਚੋਂ ਇੰਨਾ ਸਮਾਗਮਾਂ ਨੂੰ ਹੋਰ ਵਧੀਆਂ ਢੰਗ ਨਾਲ ਮਨਾਉਣ ਲਈ ਸੁਝਾਅ ਵੀ ਮੰਗੇ ਜਾਣਗੇ। ਉਨਾ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਵਿਚਾਰਧਾਰਾ ਦਾ ਪੂਰੀ ਦੁਨੀਆਂ ਵਿੱਚ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਹਰਕੇ ਧਰਮ ਦੇ ਮੁੱਖੀਆ ਨੂੰ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੱਦਾ ਪੱਤਰ ਵੀ ਭੇਜਿਆ ਜਾਵੇਗਾ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਨੋਜੁਆਨ ਪੀੜੀ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਵਿਚਾਰਧਾਰਾ ਨਾਲ ਜੋੜਨ ਲਈ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਅਧਾਰਿਤ ਇਕ ਮੁਕੰਮਲ ਖੋਜ ਪੁਸਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕਰਵਾਇਆ ਜਾਵੇਗਾ। ਜਿਸ ਲਈ ਸਿੱਖ ਵਿਦਵਾਨਾ ਅਤੇ ਬੁੱਧੀਜੀਵੀਆਂ ਦੀ ਮਦਦ ਲਈ ਜਾਵੇਗੀ। ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਗੁਰਪੁਰਬ ਨੂੰ ਇਕ ਵੱਡੇ ਪੱਧਰ ‘ਤੇ ਮਨਾਉਣ ਲਈ ਪੰਜਾਬ ਸਰਕਾਰ ਨਾਲ ਵੀ ਗੱਲਬਾਤ ਕੀਤੀ ਜਾਵੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਪਾਕਿਸਤਾਨ ਵਿੱਚ ਮਨਾਉਣ ਲਈ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਲਈ ਕਮੇਟੀ ਗਠਿਤ ਕੀਤੀ ਗਈ ਹੈ। ਜਿਨ੍ਹਾਂ ਵਿਚ ਪ੍ਰੋ: ਕਿਰਪਾਲ ਸਿੰਘ ਜੀ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਸ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ. ਅਮਰਜੀਤ ਸਿੰਘ ਜੀ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਸ਼ਾਮਲ ਹਨ।