5-06-2015-2

5-06-2015-1ਅੰਮ੍ਰਿਤਸਰ : 5 ਜੂਨ ( )ਸ੍ਰੀ ਵਿਜੈ ਦਰਦਾ ਮੈਂਬਰ ਰਾਜ ਸਭਾ ਅਤੇ ਚੇਅਰਮੈਨ ਆਈ ਬੀ ਐਨ ਲੋਕ ਮੱਤ ਗਰੁੱਪ ਪ੍ਰੀਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਏ। ਉਨ੍ਹਾਂ ਆਪਣੇ ਪ੍ਰੀਵਾਰ ਦੀ ਚੜ੍ਹਦੀ ਕਲਾ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ੩ ਜੂਨ ੨੦੧੫ ਤੋਂ ਅਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ‘ਧੁਰ ਕੀ ਬਾਣੀ’ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਮਿਲੇ।
ਇਸ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਸਿਰੋਪਾਓ ਅਤੇ ਧਾਰਮਿਕ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰੀ ਵਿਜੈ ਦਰਦਾ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸ਼ਾਂਤੀ ਦਾ ਮੁਜੱਸਮਾ ਹੈ ਅਤੇ ਇਹ ਸਭ ਧਰਮ ਦੇ ਲੋਕਾਂ ਦਾ ਸਾਂਝਾ ਅਸਥਾਨ ਹੈ। ਉਨ੍ਹਾਂ ਕਿਹਾ ਕਿ ਇਥੇ ਆ ਕੇ ਮਨ ਨੂੰ ਸਕੂਨ ਮਿਲਦਾ ਹੈ ਤੇ ਹਰ ਕੋਈ ਝੋਲੀਆਂ ਭਰ ਕੇ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਜਥੇਦਾਰ ਅਵਤਾਰ ਸਿੰਘ, ਸ੍ਰ: ਦਿਲਜੀਤ ਸਿੰਘ ਬੇਦੀ ਅਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਮਾਣ-ਸਨਮਾਨ ਲਈ ਧੰਨਵਾਦ ਕਰਦਾ ਹਾਂ।ਉਨ੍ਹਾਂ ਕਿਹਾ ਕਿ ਮੈਂ ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦਾ ਹਾਂ, ਮੇਰੇ ਹਿਰਦੇ ਵਿੱਚ ਗੁਰੂ ਸਾਹਿਬਾਨ ਲਈ ਅਥਾਹ ਸ਼ਰਧਾ ਹੈ। ਉਨ੍ਹਾਂ ਕਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਵੱਲੋਂ ਮਾਸਟਰ ਤਾਰਾ ਸਿੰਘ ਦੀ ਤਸਵੀਰ ਸੰਸਦੀ ਭਵਨ ਵਿਚ ਲਗਾਏ ਜਾਣ ਦੀ ਪ੍ਰੜੋੜਤਾ ਕਰਦਾ ਹਾਂ ਅਤੇ ਇਸ ਕਾਰਜ ਲਈ ਮੈਂ ਸਭ ਤੋਂ ਮੋਹਰੀ ਹੋ ਕੇ ਯਤਨ ਕਰਾਂਗਾ।
ਇਸ ਮੌਕੇ ਉਨ੍ਹਾਂ ਨਾਲ ਆਏ ਸ੍ਰੀ ਜੈ ਇੰਦਰ ਸ਼ਾਹ ਫਾਈਨੈਂਸ਼ੀਅਲ ਐਡਵਾਈਜ਼ਰ ਭਾਰਤ ਸਰਕਾਰ, ਸ੍ਰੀ ਕੀਰਤ ਬੰਸਾਲੀ ਵਕਤਾ ਬੀ ਜੇ ਪੀ ਮਹਾਂਰਾਸ਼ਟਰ, ਸ੍ਰੀ ਅਨਿਲ ਦੇਸ਼ਮੁੱਖ ਸਾਬਕਾ ਕੈਬਨਿਟ ਮੰਤਰੀ ਮਹਾਂਰਾਸ਼ਟਰ ਅਤੇ ਸ੍ਰ: ਜਗਜੀਤ ਸਿੰਘ ‘ਦਰਦੀ’ ਚੇਅਰਮੈਨ ਚੜ੍ਹਦੀ ਕਲਾ ਗਰੁੱਪ ਨੂੰ ਵੀ ਸਨਮਾਨਿਤ ਕੀਤਾ ਗਿਆ।