ਰਾਜਸਥਾਨ ਦੀ ਮੁੱਖ ਮੰਤਰੀ ਨੂੰ ਤੁਰੰਤ ਕਾਰਵਾਈ ਲਈ ਲਿਖਿਆ ਪੱਤਰ

 

ਅੰਮ੍ਰਿਤਸਰ, 9 ਅਪ੍ਰੈਲ 2017- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਰਾਜਸਥਾਨ ਦੇ ਸੂਰਤਗੜ੍ਹ ਵਿਖੇ ਇੱਕ ਕੌਂਸਲਰ ਦੇ ਪਤੀ ਵੱਲੋਂ ਸਿੱਖ ਦੀ ਦਸਤਾਰ ਉਤਾਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਦੀ ਘਟਨਾ ਸਾਹਮਣੇ ਆਉਣ ‘ਤੇ ਪ੍ਰਤੀਕਰਮ ਦਿੰਦਿਆਂ ਜਿਥੇ ਇਸ ਦੀ ਜ਼ੋਰਦਾਰ ਨਿੰਦਾ ਕੀਤੀ ਹੈ, ਉਥੇ ਹੀ ਘਟਨਾ ਦੇ ਦੋਸ਼ੀ ਸ੍ਰੀ ਰਾਜ ਗਿਰੀ ਵਿਰੂੱਧ ਸਖ਼ਤ ਕਾਰਵਾਈ ਨੂੰ ਅਮਲ ਵਿਚ ਲਿਆਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸਬੰਧ ਵਿਚ ਦੋਸ਼ੀ ਖਿਲਾਫ ਤੁਰੰਤ ਕਾਰਵਾਈ ਲਈ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਇੱਕ ਪੱਤਰ ਵੀ ਲਿਖਿਆ ਹੈ। ਪ੍ਰੋ ਬਡੂੰਗਰ ਨੇ ਆਖਿਆ ਕਿ ਇਹ ਘਟਨਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ, ਇਸ ਲਈ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹਾ ਕਰਨ ਦੀ ਹਿੰਮਤ ਨਾ ਕਰੇ।

ਉਨ੍ਹਾਂ ਕਿਹਾ ਕਿ ਕਿਸੇ ਵੀ ਮਾਮਲੇ ਵਿਚ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਵਰਤਾਰਾ ਜਾਇਜ਼ ਨਹੀਂ। ਦਸਤਾਰ ਸਿੱਖ ਦੀ ਸ਼ਾਨ ਦਾ ਪ੍ਰਤੀਕ ਹੈ ਅਤੇ ਕੇਸ ਗੁਰੂ ਬਖਸ਼ੀ ਜੀਵਨ ਜਾਚ ਦਾ ਅਹਿਮ ਅੰਗ। ਇਸ ਲਈ ਸਿੱਖਾਂ ਦੇ ਇਨ੍ਹਾਂ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕਰਨ ‘ਤੇ ਸਬੰਧਤ ਖਿਲਾਫ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰਾਜਸਥਾਨ ਸੂਬੇ ਵਿਚ ਕੁਝ ਹੀ ਦਿਨਾਂ ਵਿਚ ਇਹ ਅਜਿਹਾ ਦੂਸਰਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਤਾਰ-ਤਾਰ ਕੀਤੀਆਂ ਹਨ। ਕੁਝ ਦਿਨ ਪਹਿਲਾਂ ਜੈਪੁਰ ਦੇ ਇੱਕ ਸਕੂਲ ਵਿਚ ਆਈ.ਆਈ.ਟੀ ਦੀ ਪ੍ਰੀਖਿਆ ਦੌਰਾਨ ਕੱਕਾਰਾਂ ਕਾਰਨ ਇੱਕ ਗੁਰਸਿੱਖ ਨੌਜਵਾਨ ਨੂੰ ਪ੍ਰੇਸ਼ਾਨ ਕਰਨ ਦੀ ਘਟਨਾ ਦਾ ਹਵਾਲਾ ਦਿੰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਲਗਾਤਾਰ ਅਜਿਹੀਆਂ ਘਟਨਾਵਾਂ ਘੱਟ ਗਿਣਤੀ ਸਿੱਖਾਂ ਨਾਲ ਆਪਣੇ ਹੀ ਦੇਸ਼ ਵਿਚ ਬੇਗਾਨਗੀ ਦਾ ਅਹਿਸਾਸ ਕਰਵਾਉਣ ਵਾਲੀਆਂ ਹਨ। ਸੋ ਅਜਿਹੀਆਂ ਘਟਨਾਵਾਂ ਤੁਰੰਤ ਰੋਕਣ ਲਈ ਸਰਕਾਰ ਸਖ਼ਤੀ ਵਰਤੇ।

ਦੱਸਣਾ ਬਣਦਾ ਹੈ ਕਿ ਤਾਜ਼ਾ ਮਾਮਲੇ ਵਿਚ ਸੂਰਤਗੜ੍ਹ ਵਿਖੇ ਜਲ ਸਪਲਾਈ ਵਿਭਾਗ ਦੇ ਕਰਮਚਾਰੀ ਸ. ਜੰਗੀਰ ਸਿੰਘ ਦੀ ਸ੍ਰੀ ਰਾਜ ਗਿਰੀ ਨਾਂਅ ਦੇ ਵਿਅਕਤੀ ਜੋ ਇੱਕ ਮਹਿਲਾ ਕੌਂਸਲਰ ਦੇ ਪਤੀ ਹੈ ਵੱਲੋਂ ਦਸਤਾਰ ਉਤਾਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਕਰਕੇ ਸਥਾਨਕ ਸਿੱਖਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਸਬੰਧ ਵਿਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕਰਕੇ ਕਾਰਵਾਈ ਮੰਗੀ ਜਾ ਰਹੀ ਹੈ।