ਵਾਹਗਾ ਸਰਹੱਦ ਵਿਖੇ ਸ. ਬਿਸ਼ਨ ਸਿੰਘ ਅਤੇ ਹੋਰਾਂ ਨੇ ਕੀਤਾ ਭਰਵਾਂ ਸਵਾਗਤ
ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਕੌਮ ਲਈ ਤੋਹਫ਼ਾ-ਭਾਈ ਲੌਂਗੋਵਾਲ

ਅੰਮ੍ਰਿਤਸਰ, ੨੭ ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਕਿਸਤਾਨ ਸਥਿਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਪਾਕਿਸਤਾਨ ਸਰਕਾਰ ਵੱਲੋਂ ਕਰਵਾਏ ਜਾ ਰਹੇ ਨੀਂਹ ਪੱਥਰ ਸਮਾਗਮ ‘ਚ ਸ਼ਾਮਲ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪਾਕਿਸਤਾਨ ਲਈ ਰਵਾਨਾ ਹੋ ਗਏ। ਉਹ ਅਟਾਰੀ ਵਾਹਗਾ ਸਰਹੱਦ ਦੇ ਸੜਕੀ ਰਸਤੇ ਰਾਹੀਂ ਸ਼ਾਮ ੩:੨੦ ਵਜੇ ਪਾਕਿਸਤਾਨ ਗਏ। ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਉਦੇ ਸਿੰਘ ਲੌਂਗੋਵਾਲ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਵੀ ਪਾਕਿਸਤਾਨ ਗਏ ਹਨ। ਅਟਾਰੀ ਸਰਹੱਦ ਤੋਂ ਵਾਹਗਾ ਪਹੁੰਚਣ ‘ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਬਿਸ਼ਨ ਸਿੰਘ, ਸਿੱਖ ਆਗੂ ਸ. ਸਰਬੱਤ ਸਿੰਘ, ਸ. ਜਸਵਿੰਦਰ ਸਿੰਘ, ਸ. ਗੁਰਵਿੰਦਰ ਸਿੰਘ ਤੋਂ ਇਲਾਵਾ ਸ੍ਰੀ ਨਨਕਾਣਾ ਸਾਹਿਬ ਤੋਂ ਪਹੁੰਚੇ ਰਾਇ ਬੁਲਾਰ ਜੀ ਦੇ ਪਰਿਵਾਰਕ ਮੈਂਬਰ ਰਾਇ ਭੱਟੀ ਨੇ ਜੋਸ਼ੋ-ਖਰੋਸ਼ ਨਾਲ ਭਾਈ ਲੌਂਗੋਵਾਲ ਦਾ ਸਵਾਗਤ ਕੀਤਾ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ। ਪਾਕਿਸਤਾਨ ਜਾਣ ਤੋਂ ਪਹਿਲਾਂ ਕੌਮਾਂਤਰੀ ਸਰਹੱਦ ‘ਤੇ ਭਾਈ ਲੌਂਗੋਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਸਰਕਾਰਾਂ ਦੀ ਪਹੁੰਚ ਦਾ ਸਵਾਗਤ ਕੀਤਾ ਅਤੇ ਲਾਂਘਾ ਖੁਲ੍ਹਣ ਨੂੰ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਖ ਜਗਤ ਲਈ ਵੱਡਾ ਤੋਹਫ਼ਾ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਉਹ ਪਾਕਿਸਤਾਨ ਵਿਖੇ ਗੁਰੂ ਸਾਹਿਬ ਦੇ ੫੫੦ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ ਕਰਵਾਉਣ ਬਾਰੇ ਪਾਕਿਸਤਾਨ ਗੁਰਦੁਆਰਾ ਕਮੇਟੀ, ਪਾਕਿਸਤਾਨ ਓਕਾਫ਼ ਬੋਰਡ ਅਤੇ ਉਥੋਂ ਦੀਆਂ ਸਰਕਾਰਾਂ ਦੇ ਆਗੂਆਂ ਅਤੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮੌਕਾ ਸਾਡੇ ਲਈ ਬੇਹੱਦ ਖ਼ਾਸ ਹੈ ਅਤੇ ਇਸ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਵਿਸ਼ਵ ਵਿਚ ਫੈਲਾਉਣ ਲਈ ਵਿਸ਼ੇਸ਼ ਤੌਰ ‘ਤੇ ਵਰਤਿਆ ਜਾਵੇਗਾ।
ਇਸੇ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਅਟਾਰੀ ਸਰਹੱਦ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਭਾਈ ਲੌਂਗੋਵਾਲ ਇਕ ਵਿਸ਼ੇਸ਼ ਅਤੇ ਮੁਬਾਰਕ ਮੌਕੇ ਪਾਕਿਸਤਾਨ ਗਏ ਹਨ ਅਤੇ ਉਹ ਸ੍ਰੀ ਕਰਤਾਰਪੁਰ ਸਾਹਿਬ ਲਈ ਮਨੁੱਖਤਾ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਤੋਂ ਪਵਿੱਤਰ ਜਲ ਵੀ ਲੈ ਕੇ ਗਏ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਲਈ ਚੰਦੋਆ ਸਾਹਿਬ ਦਾ ਸੈੱਟ, ਚੌਰ ਸਾਹਿਬ ਅਤੇ ਰੁਮਾਲੇ ਵੀ ਭੇਜੇ ਗਏ ਹਨ। ਸ. ਬੇਦੀ ਅਨੁਸਾਰ ਭਾਈ ਲੌਂਗੋਵਾਲ ਰਾਤ ਲਾਹੌਰ ਵਿਖੇ ਠਹਿਰਣਗੇ ਅਤੇ ੨੮ ਨਵੰਬਰ ਦੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋ ਰਹੇ ਸਮਾਗਮ ਵਿਚ ਸ਼ਮੂਲੀਅਤ ਕਰਨਗੇ। ਇਸ ਮੌਕੇ ਨਿੱਜੀ ਸਕੱਤਰ ਸ. ਸੁਖਮਿੰਦਰ ਸਿੰਘ ਐਕਸੀਅਨ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ., ਸ. ਜਗਜੀਤ ਸਿੰਘ ਜੱਗੀ, ਸ. ਜਸਬੀਰ ਸਿੰਘ ਜੱਸੀ, ਸ. ਤਰਸੇਮ ਸਿੰਘ ਗੁੱਜਰਾਂ ਅਤੇ ਹੋਰ ਮੌਜੂਦ ਸਨ।