ਅੰਮ੍ਰਿਤਸਰ, 9 ਜੂਨ-
ਸ੍ਰੀ ਗੁਰੂ ਰਾਮਦਾਸ ਜੀ ਲੰਗਰ ਲਈ ਸੰਗਤਾਂ ਵੱਲੋਂ ਰਸਦਾਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵੱਡੀ ਪੱਧਰ ’ਤੇ ਸੰਗਤਾਂ ਕਣਕ ਸਮੇਤ ਹੋਰ ਰਸਦਾਂ ਅਤੇ ਮਾਇਆ ਭੇਟ ਕਰਕੇ ਸ਼ਰਧਾ ਪ੍ਰਗਟਾ ਰਹੀਆਂ ਹਨ। ਇਸੇ ਤਹਿਤ ਹੀ ਅੱਜ ਲੁਧਿਆਣਾ ਦੇ ਗੁਰਮੇਲ ਪਰਿਵਾਰ ਵੱਲੋਂ 125 ਕੁਇੰਟਲ ਦਾਲ ਭੇਟਾ ਕੀਤੀ ਗਈ, ਜਦਕਿ ਹਲਕਾ ਖਰੜ ਦੀ ਸੰਗਤ ਵੱਲੋਂ ਸ. ਰਣਜੀਤ ਸਿੰਘ ਗਿੱਲ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸ. ਚਰਨਜੀਤ ਸਿੰਘ ਕਾਲੇਵਾਲ ਦੀ ਅਗਵਾਈ ਵਿਚ 201 ਕੁਇੰਟਲ ਕਣਕ ਅਤੇ ਇੱਕ ਕੁਇੰਟਲ ਦਾਲ ਦੀ ਸੇਵਾ ਭੇਜੀ ਗਈ ਹੈ। ਇਸੇ ਦੌਰਾਨ ਹੀ ਧਰਮ ਪ੍ਰਚਾਰ ਕਮੇਟੀ ਦੇ ਯੂ.ਪੀ. ਸਿੱਖ ਮਿਸ਼ਨ ਹਾਪੜ ਦੇ ਇੰਚਾਰਜ ਸ. ਬ੍ਰਿਜਪਾਲ ਸਿੰਘ ਅਤੇ ਸਮੂਹ ਮੁਲਾਜ਼ਮਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ 68300 ਰੁਪਏ ਭੇਟ ਕੀਤੇ ਗਏ। ਇਸ ਤੋਂ ਇਲਾਵਾ ਪਟਿਆਲਾ ਤੋਂ ਸ. ਸੁਰਜੀਤ ਸਿੰਘ ਕੋਹਲੀ ਅਤੇ ਸ. ਇੰਦਰਮੋਹਣ ਸਿੰਘ ਬਜਾਜ ਵੱਲੋਂ ਵੀ ਲੰਗਰ ਲਈ 115 ਕੁਇੰਟਲ ਦਾਲ ਭੇਜੀ ਗਈ ਹੈ। ਲੰਗਰ ਲਈ ਰਸਦਾਂ ਤੇ ਮਾਇਆ ਭੇਟ ਕਰਨ ਵਾਲੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਤੋਂ ਲੱਖਾਂ ਸੰਗਤਾਂ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੁੰਦੀਆਂ ਹਨ ਅਤੇ ਲੰਗਰ ਲਈ ਰਸਦਾਂ ਅਤੇ ਮਾਇਆ ਭੇਜਣ ਲਈ ਸੰਗਤਾਂ ਵਿਚ ਵੱਡਾ ਉਤਸ਼ਾਹ ਹੈ। ਉਨ੍ਹਾਂ ਗੁਰਮੇਲ ਪਰਿਵਾਰ ਲੁਧਿਆਣਾ, ਸ. ਸੁਰਜੀਤ ਸਿੰਘ ਕੋਹਲੀ, ਸ. ਇੰਦਰਮੋਹਣ ਸਿੰਘ ਬਜਾਜ, ਸ. ਰਣਜੀਤ ਸਿੰਘ ਗਿੱਲ, ਸ. ਚਰਨਜੀਤ ਸਿੰਘ ਕਾਲੇਵਾਲ ਅਤੇ ਯੂ.ਪੀ.ਸਿੱਖ ਮਿਸ਼ਨ ਹਾਪੜ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਮੈਨੇਜਰ ਸ. ਮੁਖਤਾਰ ਸਿੰਘ, ਸਾਬਕਾ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਵਧੀਕ ਮੈਨੇਜਰ ਸ. ਰਜਿੰਦਰ ਸਿੰਘ ਰੂਬੀ, ਸ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਅਤੇ ਹੋਰ ਮੌਜੂਦ ਸਨ।