ਧਾਰਮਿਕ ਪ੍ਰੀਖਿਆ ਲਈ ਦਾਖ਼ਲੇ ਸ਼ੁਰੂ, ਅੱਵਲ ਰਹਿਣ ਵਾਲਿਆਂ ਨੂੰ ਦਿੱਤੀ ਜਾਵੇਗੀ ਇਨਾਮੀ ਰਾਸ਼ੀ

ਅੰਮ੍ਰਿਤਸਰ, 12 ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਕੂਲਾਂ/ਕਾਲਜਾਂ ਦੇ ਪ੍ਰਬੰਧਕਾਂ ਤੇ ਮੁਖੀਆਂ ਨੂੰ ਕਿਹਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਕਦਰਾਂ-ਕੀਮਤਾਂ ਤੇ ਨੈਤਿਕ ਸਿੱਖਿਆ ਨਾਲ ਜੋੜਨ ਲਈ ਵੱਧ ਤੋਂ ਵੱਧ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਵਿਦਿਆਰਥੀਆਂ ਨੂੰ ਧਾਰਮਿਕ ਸਿੱਖਿਆ ਦੇਣ ਲਈ ਦੇਸ਼ ਦੇ ਵਿਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਦੀ ਸਲਾਨਾ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ, ਜਿਸ ਪ੍ਰਤੀ ਅਧਿਆਪਕ ਤੇ ਵਿਦਿਅਕ ਅਦਾਰਿਆਂ ਦੇ ਸੰਚਾਲਕ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ। ਭਾਈ ਲੌਂਗੋਵਾਲ ਨੇ ਸੰਗਤ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਇਤਿਹਾਸ ਤੇ ਗੁਰਬਾਣੀ ਨਾਲ ਜੋੜਨ ਲਈ ਇਸ ਧਾਰਮਿਕ ਪ੍ਰੀਖਿਆ ਦਾ ਹਿੱਸਾ ਬਣਾਉਣ।
ਇਸੇ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਧਾਰਮਿਕ ਪ੍ਰੀਖਿਆ ਦੇ ਇਸ ਸਾਲ ਲਈ ਦਾਖਲੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ ਚਾਰ ਵੱਖ-ਵੱਖ ਦਰਜਿਆਂ ਵਿਚ ਲਈ ਜਾਂਦੀ ਹੈ, ਜਿਸ ਵਿਚ ਛੇਵੀਂ ਜਮਾਤ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਤੱਕ ਦੇ ਰੈਗੂਲਰ ਵਿਦਿਆਰਥੀਆਂ ਭਾਗ ਲੈ ਸਕਦੇ ਹਨ। ਇਸ ਸਾਲ ਪਹਿਲੇ ਤੇ ਦੂਸਰੇ ਦਰਜੇ ਲਈ ਦਾਖ਼ਲਾ ਫ਼ਾਰਮ ਦੀ ਅੰਤਮ ਤਾਰੀਖ ੩੦ ਸਤੰਬਰ ੨੦੧੯ ਅਤੇ ਤੀਸਰੇ ਅਤੇ ਚੌਥੇ ਦਰਜ਼ੇ ਲਈ ੩੦ ਨਵੰਬਰ ੨੦੧੯ ਤੱਕ ਦਾਖ਼ਲਾ ਫਾਰਮ ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਰਜ਼ਾਵਾਰ ਦਾਖ਼ਲਾ ਫੀਸ ੫, ੧੦, ੧੫ ਅਤੇ ੨੦ ਰੁਪਏ ਹੈ। ਧਾਰਮਿਕ ਪ੍ਰੀਖਿਆ ਦੇ ਸਿਲੇਬਸ ਨਾਲ ਸਬੰਧਤ ਪੁਸਤਕਾਂ ਵਿਦਿਆਰਥੀਆਂ ਨੂੰ ਅੱਧੀ ਕੀਮਤ ‘ਤੇ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਦਾਖ਼ਲਾ ਫਾਰਮ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਦਫ਼ਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਾ.ਸਗਪਚ.ਨeਟ ‘ਤੇ ਵੀ ਦਾਖ਼ਲਾ ਫ਼ਾਰਮ ਵੀ ਵਿਵਸਥਾ ਕੀਤੀ ਗਈ ਹੈ। ਧਾਰਮਿਕ ਪ੍ਰੀਖਿਆ ਦੇ ਵਜੀਫਿਆਂ ਸਬੰਧੀ ਉਨ੍ਹਾਂ ਦੱਸਿਆ ਕਿ ੭੦ਫੀਸਦੀ ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪਹਿਲੇ ਤੋਂ ਚੌਥੇ ਦਰਜ਼ੇ ਤੱਕ ਕ੍ਰਮਵਾਰ ੧੧੦੦, ੨੧੦੦, ੩੧੦੦ ਅਤੇ ੪੧੦੦ ਰੁਪਏ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਚਾਰਾ ਦਰਜ਼ਿਆਂ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ੫੧੦੦, ੪੧੦੦ ਅਤੇ ੩੧੦੦ ਰੁਪਏ ਦਿੱਤੇ ਜਾਣਗੇ। ਇਸ ਤਰ੍ਹਾਂ ੮੦ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ‘ਤੇ ੨੧੦੦ ਰੁਪਏ ਦੇ ਵਿਸ਼ੇਸ਼ ਇਨਾਮ ਵੀ ਵੰਡੇ ਜਾਣਗੇ। ਧਾਰਮਿਕ ਪ੍ਰੀਖਿਆ ‘ਚ ੩੩ ਫੀਸਦੀ ਨੰਬਰ ਪ੍ਰਾਪਤ ਕਰਨ ਵਾਲਿਆਂ ਨੂੰ ਪਾਸ ਐਲਾਨਦਿਆਂ ਸਰਟੀਫਿਕੇਟ ਦਿੱਤੇ ਜਾਂਦੇ ਹਨ ਅਤੇ ੬੦ ਤੋਂ ੭੦ ਫੀਸਦੀ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਂਦਾ ਹੈ।