ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਸ਼ੁੱਕਰਵਾਰ, ੨੭ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੯ ਮਈ, ੨੦੨੫ (ਅੰਗ: ੬੯੪)

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ** ਇਸ ਲਈ 20 ਮਈ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ। ** ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ [email protected] ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

ਸਿੱਖ ਪਛਾਣ ਸਬੰਧੀ ਖਰੜੇ ਨੂੰ ਦਿੱਤਾ ਅੰਤਿਮ ਰੂਪ


ਅੰਮ੍ਰਿਤਸਰ 8 ਜੁਲਾਈ –
ਵਿਦੇਸ਼ਾਂ ਅੰਦਰ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਅਤੇ ਸਿੱਖ ਪਛਾਣ ਦੀ ਦੁਬਿਧਾ ਖਤਮ ਕਰਨ ਲਈ ਕਾਰਜਸ਼ੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਖਰੜਾ ਸਬ-ਕਮੇਟੀ ਦੀ ਕੀਤੀ ਗਈ ਮੀਟਿੰਗ ਵਿਚ ਲੰਮੀ ਵਿਚਾਰ ਚਰਚਾ ਉਪਰੰਤ ਖਰੜੇ ਨੂੰ ਅੰਤਿਮ ਰੂਪ ਦਿੱਤਾ ਗਿਆ। ਪ੍ਰਸਿੱਧ ਸਿੱਖ ਵਿਦਵਾਨ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਖਰੜੇ ਦੇ ਹਰ ਪਹਿਲੂ ਉਪਰ ਸੰਜੀਦਾ ਚਰਚਾ ਤੋਂ ਬਾਅਦ ਇਸ ਨੂੰ ਪ੍ਰਕਾਸ਼ਿਤ ਕਰਨ ਲਈ ਸਹਿਮਤੀ ਦੇ ਦਿੱਤੀ ਗਈ ਹੈ। ਮੀਟਿੰਗ ਵਿਚ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਸਾਬਕਾ ਪ੍ਰੋਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਡਾ. ਬਲਕਾਰ ਸਿੰਘ ਪ੍ਰੋ: ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਬਲਵੰਤ ਸਿੰਘ ਢਿੱਲੋਂ ਪ੍ਰੋ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ. ਧਰਮ ਸਿੰਘ ਸਿੱਖ ਇਨਸਾਈਕਲੋਪੀਡੀਆ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਸ. ਦਿਲਜੀਤ ਸਿੰਘ ‘ਬੇਦੀ’ ਵਧੀਕ ਸਕੱਤਰ (ਕੋ-ਆਰਡੀਨੇਟਰ) ਆਦਿ ਸ਼ਾਮਲ ਸਨ।

ਜ਼ਿਕਰੇ ਖਾਸ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਵਿਸ਼ੇਸ਼ ਦਿਲਚਸਪੀ ਲੈਂਦਿਆਂ ਵਿਦੇਸ਼ਾਂ ਅੰਦਰ ਸਿੱਖ ਪਛਾਣ ਦੇ ਭੁਲੇਖਿਆਂ ਕਾਰਨ ਹੁੰਦੇ ਨਸਲੀ ਹਮਲਿਆਂ ਦੇ ਹੱਲ ਲਈ ਚਿੰਤਨ ਕਰਨ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸਿੱਖ ਬੁੱਧੀਜੀਵੀਆਂ ਦੀ ਇਕ ਭਰਵੀਂ ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਬੁਲਾਈ ਸੀ ਅਤੇ ਇਸ ਉਪਰੰਤ ਇਕ 21 ਮੈਂਬਰੀ ਸਬ-ਕਮੇਟੀ ਗਠਿਤ ਕੀਤੀ ਗਈ ਸੀ। ਇਸ ਇਕੱਤਰਤਾ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਕਿਉਂਕਿ ਸਿੱਖਾਂ ਦੀ ਨੁਮਇੰਦਾ ਜਥੇਬੰਦੀ ਹੈ ਅਤੇ ਵੱਖ-ਵੱਖ ਦੇਸ਼ਾਂ ਦੇ ਅੰਬੈਸਡਰਾਂ ਤਕ ਪਹੁੰਚ ਕਰੇ ਅਤੇ ਸਿੱਖ ਧਰਮ ਦੇ ਸਮੁੱਚੇ ਪਹਿਲੂਆਂ ‘ਤੇ ਰੌਸ਼ਨੀ ਪਾਉਂਦਾ ਇਕ ਦਸਤਾਵੇਜ਼ ਉਨ੍ਹਾਂ ਨੂੰ ਦੇਵੇ। ਇਸ ਸੁਝਾਅ ਨੂੰ ਅਮਲ ਵਿਚ ਲਿਆਉਂਦਿਆਂ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਇਕ ਖਰੜਾ ਸਬ-ਕਮੇਟੀ ਬਣਾ ਦਿੱਤੀ ਗਈ ਸੀ। ਇਸ ਖਰੜਾ ਸਬ-ਕਮੇਟੀ ਦੀ ਹੋਈ ਮੀਟਿੰਗ ਵਿਚ ਇਸ ਖਰੜੇ ਨੂੰ ਘੋਖਣ ਤੇ ਵਿਚਾਰਨ ਤੋਂ ਬਾਅਦ ਇਸ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਖਰੜੇ ਵਿਚ ਸਿੱਖ ਧਰਮ ਦੇ ਸਿਧਾਂਤਾਂ, ਇਤਿਹਾਸ, ਮਰਿਆਦਾ ਤੋਂ ਇਲਾਵਾ ਸਿੱਖ ਪਛਾਣ, ਸਿੱਖਾਂ ਦੀ ਵਰਤਮਾਨ ਗਲੋਬਲ ਸਥਿਤੀ, ਕੰਮਕਾਰ, ਪ੍ਰਾਪਤੀਆਂ ਅਤੇ ਦੂਸਰੇ ਧਰਮਾਂ ਦੇ ਲੋਕਾਂ ਨਾਲ ਮਿਲਵਰਤਨ ਜਿਹੇ ਵਿਸ਼ਿਆਂ ਨੂੰ ਰੂਪਮਾਨ ਕੀਤਾ ਗਿਆ ਹੈ।

ਮੀਟਿੰਗ ਉਪਰੰਤ ਸ. ਦਿਲਜੀਤ ਸਿੰਘ ‘ਬੇਦੀ’ ਵਧੀਕ ਸਕੱਤਰ (ਕੋ-ਆਰਡੀਨੇਟਰ) ਨੇ ਦੱਸਿਆ ਕਿ ਇਸਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਖਰੜਾ ਕਮੇਟੀ ਦੇ ਮੈਂਬਰਾਂ ਨੂੰ ਭੇਜਿਆ ਜਾਵੇਗਾ ਤਾਂ ਜੋ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸਨੂੰ ਵੱਖ-ਵੱਖ ਭਾਸ਼ਾਵਾਂ ਵਿਚ ਛਪਵਾਇਆ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਅੰਬੈਸੀਆਂ ਦੇ ਅੰਬੈਸਡਰਾਂ ਤਕ ਪਹੁੰਚ ਕਰਕੇ ਉਨ੍ਹਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨੂੰ ਜਲਦੀ ਹੀ ਅਮਲ ਵਿਚ ਲਿਆਂਦਾ ਜਾਵੇਗਾ।

ਇਸ ਮੌਕੇ ਸ. ਰਣਜੀਤ ਸਿੰਘ ਖਾਲਸਾ, ਸ. ਹਰਭਜਨ ਸਿੰਘ ਤੇ ਸ. ਨਿਰਭੈਲ ਸਿੰਘ ਆਦਿ ਹਾਜ਼ਰ ਸਨ।