dsc_0031-copyਅੰਮ੍ਰਿਤਸਰ 13 ਸਤੰਬਰ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ੨੫-੨੬ ਸਤੰਬਰ ੨੦੧੬ ਨੂੰ ‘ਵਿਰਾਸਤ ਏ ਖਾਲਸਾ’ ਦੇ ਐਡੀਟੋਰੀਅਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ‘ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ’ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਸ. ਬਲਦੇਵ ਸਿੰਘ ਮਾਹਿਲਪੁਰੀ ਇਕੱਤਰਤਾ ਹਾਲ ਵਿਖੇ ਅਹਿਮ ਮੀਟਿੰਗ ਕੀਤੀ ਗਈ।ਜਿਸ ਵਿੱਚ ਸ. ਮਨਜੀਤ ਸਿੰਘ, ਸ. ਅਵਤਾਰ ਸਿੰਘ ਤੇ ਸ. ਦਿਲਜੀਤ ਸਿੰਘ ਬੇਦੀ ਸਕੱਤਰ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਆਦਿ ਸ਼ਾਮਲ ਹੋਏ।
ਇਕੱਤਰਤਾ ਬਾਰੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੀ ਇਕੱਤਰਤਾ ਵਿੱਚ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਸਬੰਧੀ ਲੋੜੀਂਦੇ ਪ੍ਰਬੰਧ ਕਰਨ ਲਈ ਨੀਯਤ ਕੀਤੀਆਂ ਗਈਆਂ ਸਬ ਕਮੇਟੀਆਂ ‘ਚ ਸ਼ਾਮਲ ਅਕਾਦਮਿਕ, ਪ੍ਰਬੰਧਕੀ, ਰਿਹਾਇਸ਼, ਲੰਗਰ, ਰਜਿਸਟਰੇਸ਼ਨ, ਸਜਾਵਟ, ਫਾਈਲ ਕਵਰ, ਸਨਮਾਨ ਚਿੰਨ੍ਹ, ਹੋਰਡਿੰਗਜ਼, ਮੀਡੀਆ ਅਤੇ ਟਰਾਂਸਪੋਰਟ ਦੇ ਕਾਰਜਾਂ ਬਾਰੇ ਦੀਰਘ ਵਿਚਾਰਾਂ ਕੀਤੀਆਂ ਗਈਆਂ ਹਨ।ਸ. ਬੇਦੀ ਨੇ ਕਿਹਾ ਕਿ ਇਕੱਤਰਤਾ ਦੌਰਾਨ ਸਬ ਕਮੇਟੀਆਂ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਕਿ ਸੰਮੇਲਨ ਸਮੇਂ ਕਿਸੇ ਕਿਸਮ ਦੀ ਕੋਈ ਰੁਕਾਵਟ ਦਰਪੇਸ਼ ਨਾ ਆਵੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਆਉਣ ਵਾਲੇ ਵਿਦਵਾਨਾਂ ਦੀ ਰਿਹਾਇਸ਼ ਲਈ ਢੁੱਕਵੇਂ ਪ੍ਰਬੰਧ ਕਰ ਲਏ ਗਏ ਹਨ ਤੇ ਬਾਕੀ ਦੇ ਕਾਰਜਾਂ ਨੂੰ ਵੀ ਅੰਤਿਮ ਛੋਹਾਂ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਮਾਂ-ਬੋਲੀ ਪੰਜਾਬੀ ਭਾਸ਼ਾ ਦੇ ਪ੍ਰਸਾਰ-ਪ੍ਰਚਾਰ ਲਈ ਇਹ ਆਪਣੇ ਆਪ ਵਿੱਚ ਇਕ ਨਿਵੇਕਲਾ ਉਪਰਾਲਾ ਹੋਵੇਗਾ।
ਸ. ਬੇਦੀ ਨੇ ਕਿਹਾ ਕਿ ਇਸ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਦੇ ੬ ਸੈਸ਼ਨ ਹੋਣਗੇ। ਜਿਸ ਵਿਚ ੪ ਅਕਾਦਮਿਕ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਤੇ ਲਿੱਪੀ ਬਾਰੇ ਮਿਆਰੀ ਵਿਚਾਰ ਚਰਚਾ ਹੋਵੇਗੀ ਜਿਸ ਦੇ ਸਾਰਥਿਕ ਸਿੱਟੇ ਸਾਹਮਣੇ ਆਉਣਗੇ।
ਇਸ ਮੌਕੇ ਸ. ਜਗਜੀਤ ਸਿੰਘ, ਸ. ਸਿਮਰਜੀਤ ਸਿੰਘ ਤੇ ਸ. ਕੁਲਵਿੰਦਰ ਸਿੰਘ ਰਮਦਾਸ ਮੀਤ ਸਕੱਤਰ, ਸ. ਮੁਖਤਾਰ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸ. ਭਗਵੰਤ ਸਿੰਘ ਮੈਨੇਜਰ ਗੁਰਦੁਆਰਾ ਭੱਠਾ ਸਾਹਿਬ ਰੌਪੜ, ਸ. ਗੁਰਮੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਸ. ਮਨਜੀਤ ਸਿੰਘ ਇੰਚਾਰਜ ਸ਼ਤਾਬਦੀਆਂ, ਸ. ਵਰਿੰਦਰ ਸਿੰਘ ਠਰੂ ਸੁਪਰਵਾਈਜ਼ਰ, ਸ. ਬਿਕਰਮਜੀਤ ਸਿੰਘ ਸੀ.ਸੀ., ਡਾ. ਅਨੁਰਾਗ ਸਿੰਘ, ਡਾ. ਕਸ਼ਮੀਰ ਸਿੰਘ, ਡਾ. ਦੀਪਕ ਮਨਮੋਹਨ ਸਿੰਘ ਪੰਜਾਬੀ ਯੂਨੀਵਰਸਿਟੀ ਤੇ ਪ੍ਰੋ. ਕਰਤਾਰ ਸਿੰਘ ਡਾਇਰੈਕਟਰ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਆਦਿ ਹਾਜ਼ਰ ਸਨ।