ਅੰਮ੍ਰਿਤਸਰ, ੬ ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਬੋਰਡਾਂ ਦੇ ਸਿਲੇਬਸ ਨਾਲ ਸਬੰਧਤ ਪੁਸਤਕਾਂ ਵਿਚ ਸ਼ਾਮਿਲ ਸਿੱਖ ਇਤਿਹਾਸ ਦੀ ਘੋਖ-ਪੜਤਾਲ ਕਰਨ ਲਈ ਬਣਾਈ ਗਈ ਸਬ-ਕਮੇਟੀ ਦੀ ਇਕੱਤਰਤਾ ਭਲਕੇ ੭ ਜੁਲਾਈ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਪਟਿਆਲਾ ਵਿਖੇ ਰੱਖੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬੀਤੇ ਸਮੇਂ ‘ਚ ਵੱਖ-ਵੱਖ ਬੋਰਡਾਂ ਨਾਲ ਸਬੰਧਤ ਸਿਲੇਬਸ ਦੀਆਂ ਪੁਸਤਕਾਂ ਵਿਚ ਸਿੱਖ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ੧੮ ਮੈਂਬਰੀ ਸਬ-ਕਮੇਟੀ ਬਣਾਈ ਸੀ, ਜਿਸ ਦੀ ਇਕੱਤਰਤਾ ਭਲਕੇ ੭ ਜੁਲਾਈ ਨੂੰ ਜਥੇਦਾਰ ਟੌਹੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ੧੮ ਮੈਂਬਰ ਸਬ-ਕਮੇਟੀ ਵਿਚ ਦੋ ਸ਼੍ਰੋਮਣੀ ਕਮੇਟੀ ਮੈਂਬਰ, ਚਾਰ ਸਿੱਖ ਸਕਾਲਰ, ਅੱਠ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਦੋ ਸਾਬਕਾ ਡੀ.ਪੀ.ਆਈ. ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਵਿਦਿਆ ਅਤੇ ਕੋਆਰਡੀਨੇਟਰ ਵਜੋਂ ਇੱਕ ਐਡੀਸ਼ਨਲ ਸਕੱਤਰ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਇਸ ਇਕੱਤਰਤਾ ਦੌਰਾਨ ਸਬ-ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ ਪਾਸ ਪਹੁੰਚੀਆਂ ਸਿਲੇਬਸ ਨਾਲ ਸਬੰਧਤ ਵਿਵਾਦਤ ਕਿਤਾਬਾਂ ਨੂੰ ਵਾਚੇਗੀ।
ਇਸੇ ਦੌਰਾਨ ਸ. ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵੀ ਭਲਕੇ ੭ ਜੁਲਾਈ ਨੂੰ ਸ਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਸਥਿਤ ਉਪ-ਦਫ਼ਤਰ ਵਿਖੇ ਹੋਵੇਗੀ, ਜਿਸ ਵਿਚ ਧਰਮ ਪ੍ਰਚਾਰ ਕਾਰਜਾਂ ਸਬੰਧੀ ਵਿਚਾਰ-ਵਿਟਾਂਦਰਾ ਕੀਤਾ ਜਾਵੇਗਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮਾਮਲੇ ਵੀ ਵਿਚਾਰੇ ਜਾਣਗੇ।