550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 7 ਜਨਵਰੀ ਨੂੰ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਈ ਹੈ ਸ਼ਬਦ ਗੁਰੂ ਯਾਤਰਾ

ਅੰਮ੍ਰਿਤਸਰ, 7 ਮਾਰਚ-
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 7 ਜਨਵਰੀ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਕੀਤੀ ਗਈ ਸ਼ਬਦ ਗੁਰੂ ਯਾਤਰਾ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਗੁਰੂਸਰ ਕਾਉਂਕੇ ਲੁਧਿਆਣਾ ਤੋਂ ਅਗਲੇ ਪੜਾਅ ਮੁਲਾਂਪੁਰ ਦਾਖਾ ਲਈ ਰਵਾਨਾ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਚੱਲ ਰਹੀ ਇਸ ਸ਼ਬਦ ਗੁਰੂ ਯਾਤਰਾ ਪ੍ਰਤੀ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸ਼ਬਦ ਗੁਰੂ ਯਾਤਰਾ ਦੇ ਵੱਖ-ਵੱਖ ਪੜਾਵਾਂ ਬਾਅਦ ਬੀਤੇ ਦਿਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਗੁਰੂਸਰ ਕਾਉਂਕੇ ਵਿਖੇ ਪੁੱਜਣ ’ਤੇ ਸੰਗਤ ਵੱਲੋਂ ਖ਼ਾਲਸਾਈ ਜਾਹੋ-ਜਲਾਲ ਨਾਲ ਸਵਾਗਤ ਕੀਤਾ ਗਿਆ। ਅੱਜ ਇਥੋਂ ਅਗਲੇ ਪੜਾਅ ਲਈ ਰਵਾਨਗੀ ਸਮੇਂ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸ. ਕੇਵਲ ਸਿੰਘ ਬਾਦਲ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਜੁੜਨ ਦੀ ਪ੍ਰੇਰਣਾ ਕੀਤੀ ਅਤੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਹੋ ਰਹੇ ਵੱਖ-ਵੱਖ ਸਮਾਗਮਾਂ ਸਮੇਂ ਸ਼ਮੂਲੀਅਤ ਦੀ ਅਪੀਲ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਗੁਰੂਸਰ ਕਾਉਂਕੇ ਦੇ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਅਰੰਭਤਾ ਦੀ ਅਰਦਾਸ ਕੀਤੀ, ਜਿਸ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ। 
ਦੱਸਣਯੋਗ ਹੈ ਕਿ ਸ਼ਬਦ ਗੁਰੂ ਯਾਤਰਾ ਦੇ ਅੱਜ ਨਾਨਕਸਰ ਕਲੇਰਾਂ, ਗਾਲਿਬ ਕਲਾਂ, ਸ਼ੇਰਪੁਰ ਕਲਾਂ, ਸਵੱਦੀ ਖੁਰਦ, ਲੀਲ ਕਲਾਂ, ਰਾਮਗੜ੍ਹ ਭੁੱਲਰ, ਬਰਸਾਲ, ਵਿਰਕ, ਸਵੱਦੀ ਕਲਾਂ, ਤਲਵੰਡੀ, ਮੰਡਿਆਣੀ ਤੋਂ ਗੁਰਦੁਅਰਾ ਮੁਸ਼ਕਿਆਣਾ ਸਾਹਿਬ ਮੁਲਾਂਪੁਰ ਦਾਖਾ ਜਾਣ ਸਮੇਂ ਸੰਗਤ ਨੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਰੁਮਾਲਾ ਸਾਹਿਬ ਭੇਟ ਕੀਤੇ, ਉਥੇ ਹੀ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਦੇ ਕੇ ਸਤਿਕਾਰ ਭੇਟ ਕੀਤਾ। ਇਸ ਦੌਰਾਨ ਸਕੂਲੀ ਬੱਚਿਆਂ ਅਤੇ ਬੈਂਡ ਪਾਰਟੀਆਂ ਨੇ ਵੀ ਸਵਾਗਤ ਵਿਚ ਹਿੱਸਾ ਲਿਆ। ਸ਼ਬਦ ਗੁਰੂ ਯਾਤਰਾ ਦੀ ਅਗਲੇ ਪੜਾਅ ਲਈ ਰਵਾਨਗੀ ਸਮੇਂ ਮੌਜੂਦ ਸ਼ਖ਼ਸੀਅਤਾਂ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸ. ਕੇਵਲ ਸਿੰਘ ਬਾਦਲ, ਸਾਬਕਾ ਵਿਧਾਇਕ ਐਸ. ਆਰ. ਕਲੇਰ, ਸ. ਭਾਗ ਸਿੰਘ ਮੱਲਾ, ਇੰਚਾਰਜ ਯਾਤਰਾ ਵਿਭਾਗ ਸ. ਬਲਵਿੰਦਰ ਸਿੰਘ ਖੈਰਾਬਾਦ, ਬਾਬਾ ਗੁਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ, ਮੈਨੇਜਰ ਸ. ਸਾਰਜ ਸਿੰਘ, ਗੁ: ਇੰਸਪੈਕਟਰ ਸ. ਦਰਸ਼ਨ ਸਿੰਘ ਤੇ ਜਗਦੀਪ ਸਿੰਘ ਸਮੇਤ ਸੰਗਤ ਮੌਜੂਦ ਸੀ।