ਦੁਕਾਨਦਾਰਾਂ ਨੇ ਸਾਫ ਸਫਾਈ, ਦੀਪਮਾਲਾ ਅਤੇ ਬਾਹਰੋਂ ਆਈ ਸੰਗਤ ਦੀ ਸੇਵਾ ਦਾ ਭਰੋਸਾ ਦਿੱਤਾ
ਅੰਮ੍ਰਿਤਸਰ, 2 ਅਕਤੂਬਰ (             ) – ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 7 ਅਕਤੂਬਰ 2017 ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਸੋਚ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੇ ਗਏ ਯਤਨਾਂ ਤਹਿਤ ਅੱਜ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਚੌਗਿਰਦੇ ਵਿਚ ਦੁਕਾਨਦਾਰਾਂ ਨੂੰ ਜਿਥੇ ਸੱਦਾ ਪੱਤਰ ਦਿੱਤੇ, ਉਥੇ ਹੀ ਸਾਫ ਸਫਾਈ ਅਤੇ ਦੀਪਮਾਲਾ ਲਈ ਵੀ ਪ੍ਰੇਰਨਾ ਕੀਤੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਅਤੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਦੀ ਅਗਵਾਈ ਵਿਚ ਸਕੱਤਰ ਸ. ਮਨਜੀਤ ਸਿੰਘ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਨੇ ਦੁਕਾਨਦਾਰਾਂ ਪਾਸ ਆਪ ਪਹੁੰਚ ਕਰਕੇ ਪ੍ਰਕਾਸ਼ ਪੁਰਬ ਸਬੰਧੀ ਸੱਦਾ ਪੱਤਰ ਅਤੇ ਲੱਡੂਆਂ ਦਾ ਪ੍ਰਸ਼ਾਦ ਦਿੱਤਾ।
ਡਾ. ਰੂਪ ਸਿੰਘ ਨੇ ਦੁਕਾਨਦਾਰਾਂ ਨੂੰ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਮੁਬਾਰਕਬਾਦ ਦਿੰਦਿਆਂ ਪ੍ਰੇਰਨਾ ਕੀਤੀ ਕਿ ਇਸ ਮਹਾਨ ਪੁਰਬ ਮੌਕੇ ਸਾਡਾ ਸਭ ਦਾ ਸਾਂਝਾ ਫਰਜ਼ ਬਣਦਾ ਹੈ ਕਿ ਅਸੀਂ ਇਸ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਆਪੋ ਆਪਣਾ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਇਸ ਮੌਕੇ ‘ਤੇ ਦੇਸ਼ ਵਿਦੇਸ਼ ਤੋਂ ਪੁੱਜਦੀਆਂ ਸੰਗਤਾਂ ਚੰਗਾ ਪ੍ਰਭਾਵ ਲੈ ਕੇ ਜਾਣ, ਇਸ ਲਈ ਆਪੋ ਆਪਣੀਆਂ ਦੁਕਾਨਾਂ ਦੀ ਸਜਾਵਟ ਕੀਤੀ ਜਾਵੇ ਅਤੇ ਸਾਫ ਸਫਾਈ ਦਾ ਵੀ ਖਾਸ ਤੌਰ ‘ਤੇ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਵਰੋਸਾਈ ਨਗਰੀ ਦੇ ਵਸਨੀਕ ਹੋਣਾ ਸਾਡੀ ਖੁਸ਼ਕਿਸਮਤੀ ਹੈ। ਇਸ ਲਈ ਸ਼ਹਿਰ ਦੇ ਬਾਨੀ ਗੁਰੂ ਸਾਹਿਬ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨਾ ਸਾਡਾ ਫਰਜ਼ ਹੈ। ਇਸ ਮਿਲਣੀ ਦੌਰਾਨ ਦੁਕਾਨਦਾਰਾਂ ਨੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਸਾਫ ਸਫਾਈ, ਦੀਪਮਾਲਾ ਅਤੇ ਬਾਹਰੋਂ ਆਈ ਸੰਗਤ ਦੀ ਸੇਵਾ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਮੀਤ ਸਕੱਤਰ ਸ. ਸਕੱਤਰ ਸਿੰਘ, ਮੈਨੇਜਰ ਸ. ਰਘਬੀਰ ਸਿੰਘ ਮੰਡ, ਐਡੀਸ਼ਨਲ ਮੈਨੇਜਰ ਸ. ਹਰਜਿੰਦਰ ਸਿੰਘ, ਸ. ਇਕਬਾਲ ਸਿੰਘ ਮੁਖੀ, ਸ. ਹਰਪ੍ਰੀਤ ਸਿੰਘ, ਸ. ਪਰਮਜੀਤ ਸਿੰਘ, ਸ. ਨਰਿੰਦਰ ਸਿੰਘ ਤੇ ਸ. ਬਘੇਲ ਸਿੰਘ, ਸ. ਨਿਰਮਲ ਸਿੰਘ ਇੰਚਾਰਜ ਗੱਡੀਆਂ, ਸ. ਗੁਰਪ੍ਰੀਤ ਸਿੰਘ ਮੀਤ ਮੈਨੇਜਰ ਤੋਂ ਇਲਾਵਾ ਪ੍ਰੋ: ਸਰਚਾਂਦ ਸਿੰਘ ਅਤੇ ਹੋਰ ਹਾਜ਼ਰ ਸਨ।