23-07-2015-3ਅੰਮ੍ਰਿਤਸਰ 23 ਜੁਲਾਈ (  ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਦੇਸ਼ ਦੇ ਪੂਰਬੀ ਭਾਗ ਖਾਸ ਕਰਕੇ ਅਸਾਮ ਵਿੱਚ ਵੱਸਦੀਆਂ ਸਿੱਖ ਸੰਗਤਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਅਸਾਮ ਦੀ ਧਰਤੀ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਲਗਾਈ ਗਈ ਸਿੱਖੀ ਦੀ ਫੁੱਲਵਾੜੀ ਨੂੰ ਹੋਰ ਪ੍ਰਫੁੱਲਤ ਕਰਨ ਵਿੱਚ ਆਪਣਾ ਅਹਿਮ ਰੋਲ ਨਿਭਾਵੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਬੀਤੀ ਸ਼ਾਮ ਆਪਣੇ ਲੁਧਿਆਣਾ ਸਥਿਤ ਗ੍ਰਹਿ ਵਿਖੇ ਸ. ਟਹਿਲ ਸਿੰਘ ਪ੍ਰਧਾਨ ਗੁਰਦੁਆਰਾ ਧੋਬੜੀ ਸਾਹਿਬ, ਗੁਹਾਟੀ (ਅਸਾਮ) ਤੇ ਕੈਪਟਨ ਪੀ ਪੀ ਸਿੰਘ ਸਲਾਹਕਾਰ ਨੂੰ ਵਫਦ ਸਮੇਤ ਮਿਲਣ ਸਮੇਂ ਕੀਤਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਸ਼ਵ ਭਰ ‘ਚ ਵਸਦੇ ਸਿੱਖਾਂ ਦੀਆਂ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ।ਵਫਦ ਵੱਲੋਂ ਦਿੱਤੇ ਮੰਗ ਪੱਤਰ ‘ਚ ਬਰਮਾ ਦੀ ਲੜਾਈ ਸਮੇਂ ਜਰਨਲ ਚੇਤਨ ਸਿੰਘ ਦੀ ਯਾਦ ‘ਚ ਆਸਾਮ ਦੇ ਸ਼ਹਿਰ ਗੁਹਾਟੀ ਵਿਖੇ ਬਣਾਏ ਜਾ ਰਹੇ ਮੈਮੋਰੀਅਲ ਸਬੰਧੀ ਸਹਾਇਤਾ ਬਾਰੇ ਉਨ੍ਹਾਂ ਵਫਦ ਨੂੰ ਵਿਸ਼ਵਾਸ਼ ਦੁਆਇਆ ਕਿ ਸ਼੍ਰੋਮਣੀ ਕਮੇਟੀ ਇਸ ਤੇ ਸੁਹਿਰਦਤਾ ਨਾਲ ਵਿਚਾਰ ਕਰੇਗੀ।
ਸ. ਟਹਿਲ ਸਿੰਘ ਪ੍ਰਧਾਨ ਗੁਰਦੁਆਰਾ ਧੋਬੜੀ ਸਾਹਿਬ ਗੁਹਾਟੀ ਅਸਾਮ ਦੀ ਅਗਵਾਈ ਵਾਲੇ ਵਫਦ ਵੱਲੋਂ ੧੪, ੧੫ ਤੇ ੧੬ ਦਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਸਮੇਂ ਗੁਰਦੁਆਰਾ ਧੋਬੜੀ ਸਾਹਿਬ ਗੁਹਾਟੀ ਵਿਖੇ ਹੋਣ ਵਾਲੇ ਸਮਾਗਮ ਸਮੇਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਸੱਦੇ ‘ਤੇ ਉਨ੍ਹਾਂ ਧੰਨਵਾਦ ਕਰਦਿਆਂ ਵਫਦ ਨੂੰ ਕਿਹਾ ਕਿ ਉਹ ਸਮਾਗਮ ਸਮੇਂ ਹਾਜ਼ਰੀ ਭਰਨ ਦੀ ਪੂਰੀ ਕੋਸ਼ਿਸ਼ ਕਰਨਗੇ।
ਇਸ ਸਮੇਂ ਸ. ਮੇਜਰ ਸਿੰਘ ਪ੍ਰਧਾਨ ਗੁਰਦੁਆਰਾ ਫੈਂਸੀ ਬਾਜ਼ਾਰ, ਗੁਹਾਟੀ, ਸ. ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਬੇਲਤਲਾ ਗੁਹਾਟੀ, ਸ. ਗੁਰਚਰਨ ਸਿੰਘ ਗੁਰਦੁਆਰਾ ਬਸ਼ਿਸ਼ਟ ਸਾਹਿਬ, ਸ. ਸੁਖਵਿੰਦਰ ਸਿੰਘ ਜਨਰਲ ਸਕੱਤਰ ਗੁਰਦੁਆਰਾ ਫੈਂਸੀ ਬਾਜ਼ਾਰ, ਸ. ਬਹਾਦਰ ਸਿੰਘ ਪ੍ਰਧਾਨ ਗੁਰਦੁਆਰਾ ਲਾਲ ਮਿੱਟੀ, ਸ. ਤਜਿੰਦਰ ਸਿੰਘ, ਸ. ਅਜੀਤ ਸਿੰਘ, ਸ. ਇੰਦਰਪਾਲ ਸਿੰਘ ਸਾਹਨੀ, ਬੀਬੀ ਜਸਵਿੰਦਰ ਕੌਰ ਤੇ ਸ. ਐਲ ਪੀ ਸਿੰਘ ਆਦਿ ਹਾਜ਼ਰ ਸਨ।