ਸਰਹਿੰਦ ਫਤਹਿ ਦਿਵਸ ਮੌਕੇ ਗੱਤਕਾ ਮੁਕਾਬਲਿਆਂ ‘ਚੋਂ ਜੇਤੂ ਟੀਮਾਂ ਨੂੰ ਕੀਤਾ ਸਨਮਾਨਿਤ

ਸ੍ਰੀ ਫ਼ਤਹਿਗੜ੍ਹ ਸਾਹਿਬ, 15 ਮਈ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸ਼ਸਤਰ ਕਲਾ ਨੂੰ ਉਭਾਰਨ ਲਈ ਵਚਨਬੱਧ ਹੈ ਅਤੇ ਇਸ ਤਹਿਤ ਲਗਾਤਾਰ ਉਪਰਾਲੇ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਰਹਿੰਦ ਫਤਹਿ ਦਿਵਸ ਮੌਕੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ ਸਤਵੇਂ ਇੰਟਰਨੈਸ਼ਨਲ ਗੱਤਕਾ ਮੁਕਾਬਲਿਆਂ ਵਿੱਚੋਂ ਜੇਤੂ ਰਹੀਆਂ ਟੀਮਾਂ ਨੂੰ ਸਨਮਾਨਿਤ ਕਰਨ ਸਮੇਂ ਕੀਤਾ। ਉਨ੍ਹਾਂ ਆਖਿਆ ਕਿ ਨੌਜਵਾਨੀ ਅੰਦਰ ਸਿੱਖ ਮਾਰਸ਼ਲ ਆਰਟ ਦੀ ਸਿਖਲਾਈ ਦੀ ਰੁਚੀ ਪੈਦਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਗਈ ਸਰਹਿੰਦ ਫਤਹਿ ਨੂੰ ਸਮਰਪਿਤ ਕਰਵਾਏ ਗਏ ਦੋ ਰੋਜ਼ਾ ਸਤਵੇਂ ਇੰਟਰਨੈਸ਼ਨਲ ਗਤਕਾ ਮੁਕਾਬਲਿਆਂ ਵਿਚ ਦੇਸ਼-ਵਿਦੇਸ਼ ਦੀਆਂ ੩੦ ਟੀਮਾਂ ਨੇ ਹਿੱਸਾ ਲਿਆ ਹੈ ਅਤੇ ਇਨ੍ਹਾਂ ਵਿਚ ਇੱਕ-ਇੱਕ ਟੀਮ ਕੈਨੇਡਾ, ਇਟਲੀ ਤੇ ਫਰਾਂਸ ਤੋਂ ਵੀ ਪਹੁੰਚੀ ਹੈ। ਉਨ੍ਹਾਂ ਜੇਤੂ ਰਹੀਆਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਨੌਜਵਾਨਾਂ ਵੱਲੋਂ ਵਿਖਾਏ ਗਏ ਗੱਤਕੇ ਦੇ ਜੌਹਰ ਦੀ ਭਾਰੀ ਪ੍ਰਸੰਸਾ ਵੀ ਕੀਤੀ।

ਦੱਸਣਾ ਬਣਦਾ ਹੈ ਕਿ ਸਰਹਿੰਦ ਫਤਹਿ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਗੱਤਕਾ ਮੁਕਾਬਲੇ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਵੱਡੇ ਇਨਾਮ ਦਿੱਤੇ ਜਾਂਦੇ ਹਨ। ਇਸ ਵਾਰ ਪਹਿਲਾ ਇਨਾਮ ਇੱਕ ਲੱਖ ਰੁਪਏ ਰੱਖਿਆ ਗਿਆ ਸੀ ਜੋ ਚੱਪੜਚਿੜੀ ਵਾਰੀਅਰਜ ਦੇ ਨੌਜਵਾਨਾਂ ਨੇ ਜਿੱਤਿਆ ਹੈ। ਇਸੇ ਤਰ੍ਹਾਂ 75 ਹਜ਼ਾਰ ਰੁਪਏ ਦਾ ਦੂਸਰਾ ਇਨਾਮ ਬਨੂੜ ਵਾਰੀਅਰਜ 50 ਹਜ਼ਾਰ ਰੁਪਏ ਦਾ ਤੀਸਰਾ ਇਨਾਮ ਰੈਸਟ ਆਫ਼ ਇੰਡੀਆ ਦੀ ਟੀਮ ਨੇ ਪ੍ਰਾਪਤ ਕੀਤਾ।

ਇਸ ਮੌਕੇ ਮੈਂਬਰ ਸ਼੍ਰੋਮਣੀ ਕਮੇਟੀ ਮੈਂਬਰ ਸ. ਰਵਿੰਦਰ ਸਿੰਘ ਖ਼ਾਲਸਾ, ਸ. ਅਵਤਾਰ ਸਿੰਘ ਰਿਆ, ਸ਼੍ਰੋਮਣੀ ਕਮੇਟੀ ਦੇ ਐਡੀ. ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ‘ਰਮਦਾਸ’, ਸ. ਸਿਮਰਜੀਤ ਸਿੰਘ ਤੇ ਸ. ਹਰਜੀਤ ਸਿੰਘ ਲਾਲੂਘੁੰਮਣ, ਡਿਪਟੀ ਡਾਇਰੈਕਟਰ ਸਪੋਰਟਸ ਡਾ. ਪਰਮਿੰਦਰ ਕੌਰ ਰੰਧਾਵਾ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਸ. ਨੱਥਾ ਸਿੰਘ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਮੈਨੇਜਰ ਸ. ਬਲਵਿੰਦਰ ਸਿੰਘ ਭਮਾਰਸੀ, ਗੱਤਕਾ ਇੰਚਾਰਜ ਸ. ਹਰਦੀਪ ਸਿੰਘ, ਗੱਤਕਾ ਕੋਚ ਸ. ਸੁਪ੍ਰੀਤ ਸਿੰਘ ਆਦਿ ਹਾਜ਼ਰ ਸਨ।