ਲੋੜੀਂਦੀ ਕਾਰਵਾਈ ਲਈ ਸਬ-ਕਮੇਟੀ ਨੇ ਰਿਪੋਰਟ ਪੇਸ਼ ਕੀਤੀ


ਅੰਮ੍ਰਿਤਸਰ, ੨੬ ਅਪ੍ਰੈਲ– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੜੀਸਾ ਦੇ ਜਗਨਨਾਥ ਪੁਰੀ ਮੰਦਰ ਨਜ਼ਦੀਕ ਸਥਿਤ ਗੁਰਦੁਆਰਾ ਬਾਉਲੀ ਸਾਹਿਬ ਦੀ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਇਸ ਦਾ ਨਵ-ਨਿਰਮਾਣ ਕਰਕੇ ਖ਼ੂਬਸੂਰਤ ਦਿੱਖ ਦੇਣ ਲਈ ਕਾਰਵਾਈ ਕਰੇਗੀ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇੱਕ ਬਿਆਨ ਰਾਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਅੰਤ੍ਰਿੰਗ ਮੈਂਬਰ ਸ: ਸੁਰਜੀਤ ਸਿੰਘ ਭਿੱਟੇਵਡ, ਮੈਂਬਰ ਸ: ਰਜਿੰਦਰ ਸਿੰਘ ਮਹਿਤਾ ਤੇ ਸਕੱਤਰ ਡਾ: ਰੂਪ ਸਿੰਘ ਤੇ ਆਧਾਰਿਤ ਇਕ ਵਫ਼ਦ ਜਗਨਨਾਥ ਪੁਰੀ ਭੇਜਿਆ ਗਿਆ ਸੀ ਜਿਸ ਨੇ ਸਬੰਧਤਾਂ ਨਾਲ ਗੱਲਬਾਤ ਉਪਰੰਤ ਆਪਣੀ ਰਿਪੋਰਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਸ ਇਤਿਹਾਸਕ ਅਸਥਾਨ ਦੀ ਅੰਤਰਰਾਸ਼ਟਰੀ ਲੋੜਾਂ ਅਨੁਸਾਰ ਇਮਾਰਤ, ਲੰਗਰ ਘਰ, ਸਰਾਂ ਅਤੇ ਮੈਡੀਕਲ ਸਹੂਲਤਾਂ ਲਈ ਯਤਨ ਕੀਤੇ ਜਾਣਗੇ।
 ਪ੍ਰੋ. ਬਡੂੰਗਰ ਨੇ ਕਿਹਾ ਕਿ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕਰਨ ਲਈ ਇੱਕ ਸਬ-ਕਮੇਟੀ ਵੀ ਬਣਾਈ ਗਈ ਹੈ, ਜਿਸ ਵਿਚ ਉੜੀਸਾ ਸਿੱਖ ਪ੍ਰਤੀਨਿਧ ਬੋਰਡ ਦੇ ਪ੍ਰਧਾਨ ਸ: ਮਹਿੰਦਰ ਸਿੰਘ, ਭਾਈ ਹਿੰਮਤ ਚੈਰੀਟੇਬਲ ਟਰੱਸਟ ਤੋਂ ਸ: ਜਗਜੀਤ ਸਿੰਘ ਅਤੇ ਸ: ਸਤਪਾਲ ਸਿੰਘ ਪਾਲੀ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਅੰਤਿੰ੍ਰਗ ਕਮੇਟੀ ਮੈਂਬਰ ਸ: ਸੁਰਜੀਤ ਸਿੰਘ ਭਿੱਟੇਵਡ ਅਤੇ ਸਕੱਤਰ ਡਾ: ਰੂਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
 ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ: ਰੂਪ ਸਿੰਘ ਨੇ ਦੱਸਿਆ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਨਿਰਦੇਸ਼ ਅਨੁਸਾਰ ਗੁਰਦੁਆਰਾ ਸਾਹਿਬ ਦੀ ਜਗ੍ਹਾ ਪ੍ਰਾਪਤ ਕਰਨ ਲਈ ਜਗਨਨਾਥ ਪੁਰੀ ਟਰੱਸਟ ਦੇ ਚੇਅਰਮੈਨ ਸ੍ਰੀ ਗਜਪਤੀ ਜੀ ਮਹਾਰਾਜ, ਮੁੱਖ ਪ੍ਰਬੰਧਕ ਸ੍ਰੀ ਸੁਰੇਸ਼ ਕੁਮਾਰ ਮਹਾਂਮੰਤਰਾ ਆਈ.ਏ.ਐਸ. ਅਤੇ ਜਗਨਨਾਥ ਪੁਰੀ ਦੇ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਅਗਰਵਾਲ ਆਈ.ਏ.ਐਸ. ਨਾਲ ਗੱਲਬਾਤ ਦੌਰਾਨ ਮਾਮਲੇ ਸਬੰਧੀ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਕੀਤੀ ਗਈ ਹੈ। ਇਸ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਸਲ ਸਥਿਤੀ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਦੱਸਿਆ ਕਿ ਗੱਲਬਾਤ ਦੌਰਾਨ ਸਭਨਾ ਵੱਲੋਂ ਹਾਂ-ਪੱਖੀ ਹੁੰਗਾਰਾ ਦਿੱਤਾ ਗਿਆ ਹੈ। ਡਾ: ਰੂਪ ਸਿੰਘ ਨੇ ਕਿਹਾ ਕਿ ਜਗਨਨਾਥ ਪੁਰੀ ਟਰੱਸਟ ਦੇ ਚੇਅਰਮੈਨ ਸ੍ਰੀ ਗਜਪਤੀ ਜੀ ਮਹਾਰਾਜ ਨੇ ਗੁਰਦੁਆਰਾ ਸਾਹਿਬ ਦੀ ਸਾਂਭ-ਸੰਭਾਲ ਲਈ ਸ਼੍ਰੋਮਣੀ ਕਮੇਟੀ ‘ਤੇ ਭਰੋਸਾ ਪ੍ਰਗਟ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਸਥਾਨਕ ਦੋ ਸਿੱਖ ਜਥੇਬੰਦੀਆਂ ਉੜੀਸਾ ਸਿੱਖ ਪ੍ਰਤੀਨਿਧ ਬੋਰਡ ਅਤੇ ਭਾਈ ਹਿੰਮਤ ਸਿੰਘ ਚੈਰੀਟੇਬਲ ਟਰੱਸਟ ਦੇ ਆਗੂਆਂ ਨਾਲ ਗੱਲਬਾਤ ਕਰਕੇ ਦੋਹਾਂ ਧਿਰਾਂ ਦਾ ਆਪਸੀ ਤਾਲਮੇਲ ਵੀ ਕਰਵਾਇਆ ਗਿਆ ਹੈ, ਜਿਸ ਉਪਰੰਤ ਇਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਚੱਲਣ ਦਾ ਯਕੀਨ ਦਿਵਾਇਆ ਹੈ।