ਸਬ-ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਕੀਤੀ ਜਾਵੇਗੀ ਅਗਲੀ ਕਾਰਵਾਈ

ਅੰਮ੍ਰਿਤਸਰ, 5 ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅਦਾਲਤੀ ਹੁਕਮਾਂ ਅਨੁਸਾਰ ਜੋਧਪੁਰ ਜ਼ੇਲ੍ਹ ਵਿਚਲੇ ੪੦ ਨਜ਼ਰਬੰਦਾਂ ਨੂੰ ਦਿੱਤੇ ਗਏ ਮੁਆਵਜ਼ੇ ਤੋਂ ਬਾਅਦ ਬਾਕੀ ਰਹਿੰਦੇ ੩੨੫ ਨਜ਼ਰਬੰਦਾਂ ਦੇ ਮੁਆਵਜ਼ੇ ਲਈ ਸ਼੍ਰੋਮਣੀ ਕਮੇਟੀ ਹਰ ਸੰਭਵ ਮੱਦਦ ਕਰੇਗੀ। ਉਨ੍ਹਾਂ ਕਿਹਾ ਕਿ ਜੋਧਪੁਰ ਜ਼ੇਲ੍ਹ ‘ਚ ਬੰਦੀ ਰਹੇ ਸਿੱਖਾਂ ਤੇ ਉਨ੍ਹਾਂ ਦੇ ਵਾਰਸਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਬਾਰੇ ਮੁਕੰਮਲ ਜਾਣਕਾਰੀ ਇਕੱਠੀ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਆਰੰਭ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿਚ ਗਠਿਤ ਕੀਤੀ ਗਈ ਸਬ-ਕਮੇਟੀ ਨੇ ਇਕੱਤਰਤਾ ਕਰਕੇ ੩੨੫ ਨਜ਼ਰਬੰਦਾਂ ਨੂੰ ਵੀ ਮੁਆਵਜ਼ਾ ਦਿਵਾਉਣ ਸਬੰਧੀ ਸਿਫਾਰਸ਼ ਕੀਤੀ ਹੈ ਅਤੇ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਇਸ ਮਾਮਲੇ ਬਾਰੇ ਵਿਸ਼ੇਸ਼ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ਦਾ ਸੁਝਾਅ ਦਿੱਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸਬ-ਕਮੇਟੀ ਦੀ ਰਾਇ ਅਨੁਸਾਰ ਸ਼੍ਰੋਮਣੀ ਕਮੇਟੀ ਜੋਧਪੁਰ ਜ਼ੇਲ੍ਹ ‘ਚ ਨਜ਼ਰਬੰਦ ਰਹੇ ਸਿੱਖਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮੱਦਦ ਲਈ ਵਚਨਬਧ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜੋਧਪੁਰ ਜ਼ੇਲ੍ਹ ‘ਚ ਨਜ਼ਰਬੰਦ ਰਹੇ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ-ਸਮੇਂ ਸਹਾਇਤਾ ਦਿੱਤੀ ਜਾਂਦੀ ਰਹੀ ਹੈ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਨੌਕਰੀ ਦਾ ਪ੍ਰਬੰਧ ਕੀਤਾ ਜਾਂਦਾ ਰਿਹਾ ਹੈ। ਸ਼੍ਰੋਮਣੀ ਕਮੇਟੀ ਅੱਗੋਂ ਵੀ ਇਨ੍ਹਾਂ ਦੀ ਹਰ ਤਰ੍ਹਾਂ ਦੀ ਮੱਦਦ ਲਈ ਤਿਆਰ ਹੈ।
ਇਸੇ ਦੌਰਾਨ ਜੋਧਪੁਰ ਬੰਦੀ ਰਹੇ ਸਿੱਖਾਂ ਨੂੰ ਕਾਨੂੰਨੀ ਮੱਦਦ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਵੱਲੋਂ ਬਣਾਈ ਗਈ ਸਬ-ਕਮੇਟੀ ਦੇ ਮੀਟਿੰਗ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ, ਜਿਸ ਵਿਚ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਮੈਂਬਰ ਸ. ਭਗਵੰਤ ਸਿੰਘ ਸਿਆਲਕਾ, ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਅਮਰਜੀਤ ਸਿੰਘ ਚਾਵਲਾ, ਸ. ਮਨਜੀਤ ਸਿੰਘ ਬਾਠ ਸਕੱਤਰ, ਸ. ਗੁਰਦਰਸ਼ਨ ਸਿੰਘ ਸਾਬਕਾ ਵਧੀਕ ਸਕੱਤਰ, ਸ. ਗੁਰਨਾਮ ਸਿੰਘ ਇੰਚਾਰਜ ਅਤੇ ਸ. ਹਰਜਿੰਦਰ ਸਿੰਘ ਸੁਪਰਵਾਈਜ਼ਰ ਸ਼ਾਮਲ ਹੋਏ।