ਅੰਮ੍ਰਿਤਸਰ 12 ਮਈ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਮੱਧ ਪ੍ਰਦੇਸ਼ ਅੰਦਰ ਵੱਸਦੇ ਸਿਕਲੀਗਰ ਸਿੱਖਾਂ ਨਾਲ ਹੋ ਰਹੇ ਅਨਿਆਂ ਦੀਆਂ ਘਟਨਾਵਾਂ ਸਬੰਧੀ ਬਣਾਈ ਗਈ ਸਬ-ਕਮੇਟੀ ਮੱਧ ਪ੍ਰਦੇਸ਼ ਦੇ ਗੁਰਦੁਆਰਾ ਬੇਟਮਾ ਸਾਹਿਬ ਵਿਖੇ ੧੩ ਮਈ ਨੂੰ ਹੋ ਰਹੀ ਸਿਕਲੀਗਰ ਸਿੱਖਾਂ ਦੀ ਮਹਾਂਪੰਚਾਇਤ ਰੂਪੀ ਇਕੱਠ ਵਿਚ ਸ਼ਾਮਲ ਹੋਵੇਗੀ। ਇਸ ਸਬ-ਕਮੇਟੀ ਵਿਚ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ, ਮੈਂਬਰ ਸ. ਕਰਨੈਲ ਸਿੰਘ ਪੰਜੋਲੀ, ਮੱਧ ਪ੍ਰਦੇਸ਼ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਮੈਂਬਰ ਸ. ਗੁਰਦੀਪ ਸਿੰਘ ਭਾਟੀਆ ਅਤੇ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਸ. ਮਹਿੰਦਰ ਸਿੰਘ ਨੂੰ ਸ਼ਾਮਲ ਹਨ। ਪ੍ਰੋ: ਬਡੂੰਗਰ ਵੱਲੋਂ ਇਹ ਸਬ-ਕਮੇਟੀ ਮੱਧ ਪ੍ਰਦੇਸ਼ ਵਿਚ ਸਿਕਲੀਗਰ ਸਿੱਖਾਂ ਨਾਲ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਜਾਂਚ ਕਰਨ ਲਈ ਬਣਾਈ ਗਈ ਸੀ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸਿਕਲੀਗਰ ਸਿੱਖਾਂ ਦੀਆਂ ਮੁਸ਼ਕਿਲਾਂ ਸਬੰਧੀ ਇੱਕ ਪੱਤਰ ਵੀ ਲਿਖਿਆ ਸੀ।

ਇਸ ਸਬੰਧੀ ਪ੍ਰੋ: ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਂ-ਸਮੇਂ ਸਿਕਲੀਗਰ ਸਿੱਖਾਂ ਦੀ ਮਦਦ ਲਈ ਅੱਗੇ ਆਉਂਦੀ ਰਹੀ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਲਈ ਉਪਰਾਲੇ ਵੀ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਸਿਕਲੀਗਰ ਸਿੱਖਾਂ ਨਾਲ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਨਾਲ ਖੜ੍ਹਨ ਲਈ ਵਚਨਬੱਧ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ੧੩ ਮਈ ਨੂੰ ਸਿਕਲੀਗਰ ਸਿੱਖਾਂ ਦੇ ਮਸਲਿਆਂ ਸਬੰਧੀ ਹੋ ਰਹੇ ਇਕੱਠ ਵਿਚ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਸ਼ਾਮਲ ਹੋਣਗੇ ਅਤੇ ਇਸ ਸਬੰਧੀ ਮੁਕੰਮਲ ਜਾਂਚ ਰਿਪੋਰਟ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਰਿਪੋਰਟ ਮਿਲਣ ਉਪਰੰਤ ਮੱਧ ਪ੍ਰਦੇਸ਼ ਵਿਚਲੇ ਸਿਕਲੀਗਰ ਸਿੱਖਾਂ ਨੂੰ ਕਾਨੂੰਨੀ ਅਤੇ ਹੋਰ ਸਹਾਇਤਾ ਪ੍ਰਦਾਨ ਕਰਵਾ ਕੇ ਉਨ੍ਹਾਂ ਦੇ ਮਸਲਿਆਂ ਦੀ ਪੈਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਸਿਕਲੀਗਰ ਸਿੱਖਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਨਾਲ ਹਰ ਮੁਸ਼ਕਿਲ ਵਿਚ ਸਾਥ ਦੇਵੇਗੀ।