ਅੰਮ੍ਰਿਤਸਰ, ੮ ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਾਕੀ ਅਕੈਡਮੀਆਂ ਲਈ ਸਾਬਤ ਸੂਰਤ ਸਿੱਖ ਖਿਡਾਰੀਆਂ ਦੀ ਚੋਣ ਕਰਨ ਲਈ ੯ ਮਈ ਤੋਂ ੧੧ ਮਈ ਤੱਕ ਟ੍ਰਾਇਲ ਲਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਬਤ ਸੂਰਤ ਸਿੱਖ ਖਿਡਾਰੀਆਂ ਦੀ ਚੋਣ ਲਈ ਪ੍ਰੀਕ੍ਰਿਆ ਆਰੰਭੀ ਗਈ ਹੈ, ਜਿਸ ਤਹਿਤ ਵੱਖ-ਵੱਖ ਉਮਰ ਵਰਗ ਲਈ ਖਿਡਾਰੀ ਚੁਣੇ ਜਾਣਗੇ। ਉਨ੍ਹਾਂ ਦੱਸਿਆ ਕਿ ਚੋਣ ਟ੍ਰਾਇਲ ੯, ੧੦ ਅਤੇ ੧੧ ਮਈ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਰੱਖੇ ਗਏ ਹਨ, ਜਿਨ੍ਹਾਂ ਵਿਚ ਅੰਡਰ-੧੪, ਅੰਡਰ-੧੭ ਅਤੇ ਅੰਡਰ ੧੯ ਲਈ ਚਾਹਵਾਨ ਖਿਡਾਰੀ ਲੜਕੇ ਆਪਣੀ ਵਿਦਿਅਕ ਯੋਗਤਾ, ਉਮਰ ਦੇ ਅਸਲ ਸਰਟੀਫਿਕੇਟ ਅਤੇ ਦੋ ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਸਵੇਰੇ ੮:੦੦ ਵਜੇ ਪਹੁੰਚਣ। ਉਨ੍ਹਾਂ ਇਹ ਵੀ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁਫ਼ਤ ਵਿਦਿਆ ਦੇ ਨਾਲ-ਨਾਲ ਖੇਡ ਕੋਚਿੰਗ, ਰਹਾਇਸ਼, ਖਾਣਾ, ਸਪੋਰਟਸ ਕਿੱਟਾਂ ਅਤੇ ਖੇਡਾਂ ਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ।