੩੦ ਮਾਰਚ ਨੂੰ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ : ਭਾਈ ਗੋਬਿੰਦ ਸਿੰਘ ਲੌਂਗੋਵਾਲ

‘ਇਕ ਨਗਰ ਇਕ ਗੁਰਦੁਆਰਾ’ ਮੁਹਿੰਮ ਨੂੰ ਉਤਸ਼ਾਹਤ ਕਰਨ ਵਾਲੀਆਂ ਕਮੇਟੀਆਂ ਤੇ ਪੰਚਾਇਤਾਂ ਹੋਣਗੀਆਂ ਸਨਮਾਨਤ : ਭਾਈ ਲੌਂਗੋਵਾਲ

ਸ਼੍ਰੋਮਣੀ ਕਮੇਟੀ ‘ਚ ਹੋਈਆਂ ਨਿਯੁਕਤੀਆਂ ਸਬੰਧੀ ਬਣਾਈ ਸਬ ਕਮੇਟੀ ਦੀ ਰਿਪੋਰਟ ਪ੍ਰਵਾਨ

ਸ਼੍ਰੋਮਣੀ ਕਮੇਟੀ ਸਿੱਖ ਖਿਡਾਰੀ ਨਵਜੋਤ ਕੌਰ ਅਤੇ ਅਰਸ਼ਦੀਪ ਸਿੰਘ ਨੂੰ ਦੇਵੇਗੀ ਵਿਸ਼ੇਸ਼ ਸਨਮਾਨ

ਸ੍ਰੀ ਫਤਹਿਗੜ੍ਹ ਸਾਹਿਬ ੭ ਮਾਰਚ ()
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅੱਜ ਇਥੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਗਿਆਨੀ ਗੁਰਮੁੱਖ ਸਿੰਘ ਯਾਦਗਾਰੀ ਹਾਲ ਵਿਖੇ ਹੋਈ ਇਕੱਤਰਤਾ ‘ਚ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ ੩੦ ਮਾਰਚ ਨੂੰ ਸੱਦਣ ਦਾ ਫੈਸਲਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ‘ਚ ਹੋਈ ਇਸ ਇਕੱਤਰਤਾ ਦੌਰਾਨ ਪਿਛਲੇ ਸਾਲ ਸ਼੍ਰੋਮਣੀ ਕਮੇਟੀ ‘ਚ ਹੋਈਆਂ ਨਿਯੁਕਤੀਆਂ ਸਬੰਧੀ ਬਣਾਈ ਸਬ ਕਮੇਟੀ ਦੀ ਰਿਪੋਰਟ ਵੀ ਪ੍ਰਵਾਨ ਕਰ ਲਈ ਗਈ। ਇਕੱਤਰਤਾ ਦੀ ਆਰੰਭਤਾ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦੇ ਅਕਾਲ ਚਲਾਣੇ ‘ਤੇ ਸ਼ੋਕ ਮਤਾ ਪਾਸ ਕਰਦਿਆਂ ਉਨ੍ਹਾਂ ਨਮਿੱਤ ਮੂਲ ਮੰਤਰ ਅਤੇ ਗੁਰਮੰਤਰ ਦੇ ਪਾਠ ਕਰਕੇ ਸ਼ਰਧਾਂਜਲੀ ਦਿੱਤੀ।
ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ੩੦ ਮਾਰਚ ਨੂੰ ਸੱਦਣ ਦਾ ਫੈਸਲਾ ਕੀਤਾ ਗਿਆ ਹੈ, ਜੋ ਸ੍ਰੋਮਣੀ ਕਮੇਟੀ ਦੇ ਸ੍ਰੀ ਅੰਮ੍ਰਿਤਸਰ ਸਥਿਤ ਮੁੱਖ ਦਫਤਰ ਤੇਜ਼ਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ। ਇਸ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਪਾਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਸ਼੍ਰੋਮਣੀ ਕਮੇਟੀ ਦੀਆਂ ਨਿਯੁਕਤੀਆਂ ਦੀ ਘੋਖ ਪੜਤਾਲ ਕਰਨ ਸਬੰਧੀ ਬਣਾਈ ਗਈ ਸਬ ਕਮੇਟੀ ਵੱਲੋਂ ਦਿੱਤੀ ਰਿਪੋਰਟ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਇਸ ਤਹਿਤ ਜੋ ਨਿਯਮਾਂ ਦੀ ਉਲੰਘਣਾ ਕਰਕੇ ਕੀਤੀਆਂ ਗਈਆਂ ਨਿਯੁਕਤੀਆਂ ਪ੍ਰਭਾਵਤ ਹੋਣਗੀਆਂ। ਇਸ ਦੌਰਾਨ ਭਾਈ ਲੋਂਗੋਵਾਲ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਆਪਸੀ ਮੇਲ ਮਿਲਾਪ ਅਤੇ ਮਿਲਵਰਤਣ ਵਧਾਉਣ, ਜਾਤਾਂ-ਪਾਤਾਂ ਤੇ ਬਰਾਦਰੀਆਂ ਦੀ ਵਿੱਥ ਨੂੰ ਖ਼ਤਮ ਕਰਨ ਲਈ ‘ਇਕ ਨਗਰ ਇਕ ਗੁਰਦੁਆਰਾ ਮੁਹਿੰਮ’ ਨੂੰ ਉਤਸ਼ਾਹਤ ਕਰਨ ਵਾਲੀਆਂ ਪੰਚਾਇਤਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਸਨਮਾਨਤ ਕੀਤਾ ਜਾਵੇਗਾ।
ਇਕੱਤਰਤਾ ਦੌਰਾਨ ਲਏ ਗਏ ਹੋਰ ਫੈਸਲਿਆਂ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਪ੍ਰਾਪਤ ਕਰਨ ਵਾਲੀ ਤਰਨਤਾਰਨ ਜ਼ਿਲ੍ਹੇ ਦੀ ਸਿੱਖ ਲੜਕੀ ਨਵਜੋਤ ਕੌਰ ਨੂੰ ਸ੍ਰੋਮਣੀ ਕਮੇਟੀ ਵੱਲੋਂ ੨ ਲੱਖ ੫੧ ਹਜ਼ਾਰ ਰੁਪਏ ਦੀ ਰਾਸ਼ੀ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅੰਡਰ-੧੯ ਵਿਚ ਕ੍ਰਿਕਟ ਵਿਸ਼ਵ ਕੱਪ-੨੦੧੮ ਦੌਰਾਨ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਸਿੱਖੀ ਸਰੂਪ ਵਿਚ ਖੇਡੇ ਅਰਸ਼ਦੀਪ ਸਿੰਘ ਨੂੰ ਵੀ ੧ ਲੱਖ ੨੫ ਹਜ਼ਾਰ ਰੁਪਏ ਦਾ ਸਨਮਾਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਣ ਦੀ ਸਾਂਭ ਸੰਭਾਲ ਲਈ ਵੀ ਸੁਹਿਰਦ ਵਿਚਾਰਾਂ ਤੋਂ ਬਾਦ ਇਹ ਫੈਸਲਾ ਲਿਆ ਗਿਆ ਹੈ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ ੧੫ ਮਾਰਚ ਨੂੰ ਸਿੱਖ ਵਾਤਾਵਰਣ ਦਿਵਸ ਵਜੋਂ ਵਿਸ਼ਾਲ ਪੱਧਰ ‘ਤੇ ਮਨਾਉਂਦਿਆਂ ਵੱਡੀ ਗਿਣਤੀ ਵਿਚ ਬੂਟੇ ਲਗਾਏ ਜਾਣਗੇ। ਇਸ ਸਬੰਧੀ ਸਕੂਲਾਂ ਕਾਲਜਾਂ ਤੇ ਗੁਰਦੁਆਰਾ ਸਾਹਿਬਾਨ ਵਿਖੇ ਵਾਤਾਵਰਣ ਦੀ ਸੰਭਾਲ ਲਈ ਸੰਗਤਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ।
ਅੰਤ੍ਰਿੰਗ ਕਮੇਟੀ ਨੇ ਇਕ ਹੋਰ ਅਹਿਮ ਫੈਸਲਾ ਕਰਦਿਆਂ ਧਰਮ ਪ੍ਰਚਾਰ ਲਹਿਰ ਤਹਿਤ ਸੇਵਾ ਨਿਭਾ ਰਹੇ ਪ੍ਰਚਾਰਕਾਂ, ਢਾਡੀ ਕਵੀਸ਼ਰਾਂ ਨੂੰ ਤੇਲ ਖਰਚ ਵਜੋਂ ੧੦੦੦ ਰੁਪਏ ਮਹੀਨੇ ਵਿਸ਼ੇਸ਼ ਭੱਤਾ ਦੇਣ ਨੂੰ ਪ੍ਰਵਾਨਗੀ ਦਿੱਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਧਰਮ ਪ੍ਰਚਾਰ ਲਹਿਰ ਵਿਚ ਪ੍ਰਚਾਰਕ ਅਹਿਮ ਯੋਗਦਾਨ ਪਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਵਰਤੇ ਜਾਂਦੇ ਵਹੀਕਲਾਂ ਦੇ ਤੇਲ ਲਈ ਸ਼੍ਰੋਮਣੀ ਕਮੇਟੀ ਇਹ ਵਿਸ਼ੇਸ਼ ਭੱਤਾ ਦੇਵੇਗੀ ਤਾਂ ਜੋ ਉਹ ਧਰਮ ਪ੍ਰਚਾਰ ਲਹਿਰ ਨੂੰ ਹੋਰ ਸ਼ਿੱਦਤ ਨਾਲ ਪ੍ਰਚੰਡ ਕਰ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੀਆਂ ਲੋਕਲ ਮੈਨੇਜਿੰਗ ਕਮੇਟੀਆਂ ਨੂੰ ਨਵੇਂ ਸਿਰੇ ਤੋਂ ਗਠਿਤ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਵਿਚ ਬਾਇਓਮੈਟਰਿਕ ਹਾਜ਼ਰੀ ਸਿਸਟਮ ਪ੍ਰਣਾਲੀ ਨੂੰ ਲਾਗੂ ਕਰਕੇ ਇਸ ਨੂੰ ਮੁੱਖ ਦਫਤਰ ਅੰਮ੍ਰਿਤਸਰ ਅਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚਕਾਰ ਪਾਰਕਾਂ ਵਿਚ ੪੦੦ ਕਿਸਮਾਂ ਦੇ ਫੁੱਲ ਲਗਾਏ ਜਾਣਗੇ।
ਭਾਈ ਲੌਂਗੋਵਾਲ ਨੇ ਅੱਗੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ ਲੋੜ ਅਨੁਸਾਰ ਗ੍ਰੰਥੀ ਅਤੇ ਰਾਗੀ ਸਿੰਘਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਡਰਾਈਵਰ ਵੀ ਰੱਖੇ ਜਾਣਗੇ। ਇਨ੍ਹਾਂਨਿਯੁਕਤੀਆਂ ਲਈ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਦਰਖਾਸਤਾਂ ਮੰਗੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਪ੍ਰਮੋਸ਼ਨਾਂ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਕ ਹੋਰ ਅਹਿਮ ਫੈਸਲੇ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਲਏ ਗਏ ਇਕ ਫੈਸਲੇ ਅਨੁਸਾਰ ਪੱਛੜੇ ਇਲਾਕਿਆਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਮੈਡੀਕਲ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਗਿਆ ਸੀ। ਇਸ ਨੂੰ ਲਾਗੂ ਕਰਨ ਲਈ ਅੱਜ ਦੀ ਇਕੱਤਰਤਾ ਵਿਚ ਗਿਆਰਾਂ ਮੈਡੀਕਲ ਵੈਨਾਂ ਠੇਕੇ ‘ਤੇ ਲੈਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਸੰਗਤਾਂ ਨੂੰ ਸਹੂਲਤ ਦੇਣ ਲਈ ੧੫ ਬੱਸਾਂ ਵੀ ਇਕ ਸਾਲ ਲਈ ਠੇਕੇ ‘ਤੇ ਲਈਆਂ ਜਾਣਗੀਆਂ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਿਛਲੇ ਦਿਨੀਂ ਮਨੀਕਰਨ ਸਾਹਿਬ ਦੀ ਯਾਤਰਾ ‘ਤੇ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ ੮ ਨੌਜਵਾਨਾਂ ਦੀ ਹਾਦਸੇ ਦੌਰਾਨ ਹੋਈ ਮੌਤ ਕਾਰਨ ਉਨ੍ਹਾਂ ਦੇ ਪਰਿਵਾਰਾਂ ਨੂੰ ੫੦-੫੦ ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਸ ਹਾਦਸੇ ਦੌਰਾਨ ਜ਼ਖ਼ਮੀ ਹੋਏ ਇਕ ਨੌਜਵਾਨ ਨੂੰ ਇਲਾਜ ਲਈ ੫੦ ਹਜ਼ਾਰ ਰੁਪਏ ਇਲਾਜ ਲਈ ਦਿੱਤੇ ਜਾਣਗੇ।
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਹਰਪਾਲ ਸਿੰਘ ਜੱਲ੍ਹਾ, ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਮੈਂਬਰਾਨ ਸ. ਭਗਵੰਤ ਸਿੰਘ ਸਿਆਲਕਾ, ਸ. ਲਖਬੀਰ ਸਿੰਘ ਅਰਾਈਆਂਵਾਲਾ, ਸ. ਗੁਰਤੇਜ ਸਿੰਘ ਢੱਡੇ, ਸ. ਨਵਤੇਜ ਸਿੰਘ ਕਾਉਣੀ, ਸ. ਹਰਦੇਵ ਸਿੰਘ ਰੋਗਲਾ, ਸ. ਗੁਰਮੀਤ ਸਿੰਘ ਬੂਹ, ਸ. ਸੱਜਣ ਸਿੰਘ ਬੱਜੂਮਾਨ, ਬਾਬਾ ਗੁਰਮੀਤ ਸਿੰਘ ਤ੍ਰਿਲੋਕਵਾਲਾ, ਬੀਬੀ ਗੁਰਪ੍ਰੀਤ ਕੌਰ ਤੇ ਸ. ਅਮਰੀਕ ਸਿੰਘ ਸ਼ਾਹਪੁਰ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ ਤੇ ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਸ. ਕੇਵਲ ਸਿੰਘ, ਸ. ਪ੍ਰਤਾਪ ਸਿੰਘ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸ. ਜਗਜੀਤ ਸਿੰਘ ਜੱਗੀ, ਸ. ਦਰਸ਼ਨ ਸਿੰਘ ਅਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਸ. ਜਗੀਰ ਸਿੰਘ ਸਮੇਤ ਹੋਰ ਹਾਜ਼ਰ ਸਨ।