12-11-2016ਵਾਤਾਵਰਣ ਦੀ ਸ਼ੁੱਧਤਾ ਲਈ ਲਹਿਰ ਚਲਾਈ ਜਾਵੇਗੀ
ਸਰਾਵਾਂ ਆਨਲਾਈਨ ਹੋਣਗੀਆਂ ਤੇ ਨਾਮਣਾ ਖੱਟਣ ਵਾਲੇ ਸਿੱਖ ਸਨਮਾਨਿਤ ਹੋਣਗੇ
ਅੰਮ੍ਰਿਤਸਰ 12 ਨਵੰਬਰ (          ) ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਪਲੇਠੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਘਰ, ਪ੍ਰਬੰਧਕੀ ਬਲਾਕ ਵਿਖੇ ਹੋਈ।ਜਿਸ ਦੀ ਸ਼ੁਰੂਆਤ ਮੂਲ ਮੰਤਰ ਦੇ ਜਾਪ ਉਪਰੰਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਅਰਦਾਸ ਨਾਲ ਹੋਈ।ਇਸ ਉਪਰੰਤ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੱਜ ਦੀ ਇਕੱਤਰਤਾ ਵਿੱਚ ਸਮੁੱਚੀ ਅੰਤ੍ਰਿੰਗ ਕਮੇਟੀ ਮੈਂਬਰਾਂ ਵੱਲੋਂ ਸਰਵਸੰਮਤੀ ਨਾਲ ੧੪ ਮਹੱਤਵਪੂਰਨ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਮਤਿਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵੱਖ-ਵੱਖ ਥਾਵਾਂ ‘ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ, ਗੁਟਕੇ ਅਤੇ ਪੋਥੀਆਂ ਦੀ ਹੋਈ ਬੇਅਦਬੀ ਦੀਆਂ ਹਿਰਦੇਵੇਦਕ ਮੰਦਭਾਗੀਆਂ ਘਟਨਾਵਾਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਹਿਰਦੇ ਤੋਂ ਡੂੰਘੀ ਪੀੜਾ ਮਹਿਸੂਸ ਕੀਤੀ ਗਈ ਅਤੇ ਇਸ ਸਬੰਧੀ ਫੈਸਲਾ ਕੀਤਾ ਗਿਆ ਹੈ ਕਿ ਮੈਂਬਰ ਸ਼੍ਰੋਮਣੀ ਕਮੇਟੀ ਆਪਣੇ ਹਲਕੇ ਵਿਚਲਿਆਂ ਪਿੰਡਾਂ ਤੇ ਸ਼ਹਿਰਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਭਾ-ਸੁਸਾਇਟੀਆਂ ਦੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ, ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਪ੍ਰਬੰਧ ਕਰਨ ਦਾ ਉਪਰਾਲਾ ਕਰਨਗੇ।ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਸਮੂਹ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚਲੇ ਗੁਰਦੁਆਰਾ ਸਾਹਿਬਾਨ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮੁਕੰਮਲ ਵੇਰਵਾ ਤਿਆਰ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦੇ ਵਾਤਾਵਰਣ ਦੀ ਸ਼ੁੱਧਤਾ ਲਈ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ, ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ਵਾਤਾਵਰਣ ਪ੍ਰੇਮੀਆਂ ਨੂੰ ਨਾਲ ਲੈ ਕੇ ਵਾਤਾਵਰਣ ਦੇ ਸੁਧਾਰ ਲਈ ਲਹਿਰ ਚਲਾਈ ਜਾਵੇਗੀ।ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਸਾਰੇ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਨੂੰ ਆਨਲਾਈਨ ਕੀਤਾ ਜਾਵੇਗਾ ਜਿਸ ਨਾਲ ਦੇਸ਼-ਵਿਦੇਸ਼ ਵਿੱਚ ਕਿਤੇ ਵੀ ਬੈਠਾ ਸ਼ਰਧਾਲੂ ਰਿਹਾਇਸ਼ ਲਈ ਕਮਰੇ ਬੁੱਕ ਕਰਵਾ ਸਕੇਗਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਸਾਰੇ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਦੂਜੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੀ ਸਨਿਉਰਟੀ ਲਿਸਟ ਬਣਾਉਣ ਲਈ ਸਬ ਕਮੇਟੀ ਨੀਯਤ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਹਰੇਕ ਤਰ੍ਹਾਂ ਦੀ ਭਰਤੀ ਅਤੇ ਪ੍ਰਮੋਸ਼ਨ ਯੋਗਤਾ ਟੈਸਟ ਲੈਣ ਉਪਰੰਤ ਹੀ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਕ ਹੋਰ ਮਹੱਤਵਪੂਰਨ ਮਤੇ ਵਿੱਚ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਅੰਮ੍ਰਿਤ ਸੰਚਾਰ ਲਹਿਰ ਨੂੰ ਹੋਰ ਪ੍ਰਚੰਡ  ਕਰਨ ਦੀ ਯੋਜਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਵੱਡੇ ਪੱਧਰ ‘ਤੇ ਅੰਮ੍ਰਿਤ ਸੰਚਾਰ ਪ੍ਰੋਗਰਾਮ ਕਰਾਏ ਜਾਣਗੇ ਬਾਰੇ ਵੀ ਫੈਸਲਾ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਰੇਕ ਹਲਕੇ ਦੇ ਮੈਂਬਰ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਸਕੂਲਾਂ/ਕਾਲਜਾਂ ਦੇ ਬੱਚਿਆਂ ਅੰਦਰ ਗੁਰਬਾਣੀ, ਗੁਰ-ਇਤਿਹਾਸ ਅਤੇ ਸਿੱਖ ਵਿਰਸੇ ਬਾਰੇ ਜਾਣਕਾਰੀ ਦੇਣ ਦੇ ਠੋਸ ਪ੍ਰਬੰਧ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਹਰੇਕ ਸਕੂਲ ਵਿੱਚ ਧਾਰਮਿਕ ਅਧਿਆਪਕ ਨਿਯੁਕਤ ਕੀਤਾ ਜਾਵੇਗਾ।ਸਕੂਲਾਂ ਦੇ ਨਾਲ-ਨਾਲ ਕਾਲਜਾਂ ਅੰਦਰ ਵੀ ਸਵੇਰ ਦੀ ਅਸੈਂਬਲੀ ਆਰੰਭ ਕਰਵਾਈ ਜਾਵੇਗੀ।ਉਨਾਂ੍ਹ ਕਿਹਾ ਕਿ ਸਕੂਲਾਂ/ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ/ਸੈਮੀਨਾਰ ਕੀਤੇ ਜਾਣਗੇ ਤਾਂ ਕਿ ਵਿਦਿਆਰਥੀਆਂ ਨੂੰ ਦਸਮ ਪਿਤਾ ਦੇ ਜੀਵਨ, ਉਦੇਸ਼, ਕੁਰਬਾਨੀ ਅਤੇ ਫਲਸਫੇ ਤੋਂ ਜਾਣੂ ਕਰਵਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਦੇ ੩੫੦ ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹਰੇਕ ਜ਼ਿਲ੍ਹਾ ਹੈਡ ਕੁਆਰਟਰ ਤੇ ਚੋਣਵੀਆਂ ਥਾਵਾਂ ਤੇ ਇਕ-ਇਕ ਗੁਰਮਤਿ ਸਮਾਗਮ ਕੀਤਾ ਜਾਵੇਗਾ ਜਿਸ ਵਿੱਚ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਤੇ ਸਿੱਖ ਵਿਦਵਾਨ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਉਪਦੇਸ਼ ਅਤੇ ਕੁਰਬਾਨੀਆਂ ਬਾਰੇ ਗਿਆਨ ਭਰਪੂਰ ਜਾਣਕਾਰੀ ਦੇਣਗੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰੇਕ ਸਾਲ ਦੋ ਸਿੱਖ ਬੁੱਧੀਜੀਵੀਆਂ, ਰਾਸ਼ਟਰੀ/ਅੰਤਰਰਾਸ਼ਟਰੀ ਸਿੱਖ ਖਿਡਾਰੀਆਂ ਅਤੇ ਕਿਸੇ ਵੀ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਸਿੱਖ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਪਿਛਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾਂਦੇ ਗੁਰਮਤਿ ਟ੍ਰੇਨਿੰਗ ਇੰਸਟੀਚਿਊਟ ਵਿੱਚ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਤੋਂ ਲੈ ਕੇ ਸਕੱਤਰ ਦੇ ਅਹੁਦੇ ਤੀਕ, ਗੁਰਬਾਣੀ ਕੀਰਤਨ ਕਰਨ ਵਾਲੇ ਸਮੂਹ ਰਾਗੀ ਸਿੰਘਾਂ, ਗ੍ਰੰਥੀ ਸਿੰਘਾਂ ਅਤੇ ਅਖੰਡ ਪਾਠੀ ਸਿੰਘਾਂ, ਕਥਾਵਾਚਕ ਅਤੇ ਪ੍ਰਚਾਰਕ ਸਿੰਘਾਂ, ਢਾਡੀ ਸਿੰਘਾਂ ਅਤੇ ਕਵੀਸ਼ਰ ਸਾਹਿਬਾਨ ਲਈ ਵਿਸ਼ੇਸ਼ ਗੁਰਮਤਿ ਸਿਖਲਾਈ ਕੈਂਪ ਲਗਾਏ ਜਾਣਗੇ।ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚਲੇ ਗੁਰਧਾਮਾਂ ਜਿਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਅਧੀਨ ਨਹੀਂ ਉਨ੍ਹਾਂ ਦੇ ਗੁਰਧਾਮਾਂ ਦੇ ਪ੍ਰਬੰਧਕਾਂ, ਗ੍ਰੰਥੀ ਸਿੰਘਾਂ ਅਤੇ ਰਾਗੀ ਸਿੰਘਾਂ ਲਈ ਵੀ ਵਿਸ਼ੇਸ਼ ਗੁਰਮਤਿ ਸਿਖਲਾਈ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।
ਪ੍ਰੋ. ਬਡੂੰਗਰ ਨੇ ਕਿਹਾ ਕਿ ਅੱਜ ਦੀ ਇਕੱਤਰਤਾ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਪੰਜਾਬ ਨਾਲ ਸ਼ੁਰੂ ਤੋਂ ਹੀ ਧੱਕੇ ਹੁੰਦੇ ਆਏ ਹਨ।ਪਹਿਲਾ ੧੯੪੭ ਦੀ ਵੰਡ ਸਮੇਂ ਪੰਜਾਬ ਦੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਅਤੇ ਸਿੱਖਾਂ ਦੇ ਪ੍ਰਾਣਾਂ ਤੋਂ ਪਿਆਰੇ ਗੁਰਧਾਮ ਵੱਖ ਕਰ ਦਿੱਤੇ ਗਏ।ਉਨ੍ਹਾਂ ਕਿਹਾ ਕਿ ਵੱਖ-ਵੱਖ ਸਮੇਂ ਪੰਜਾਬੀ ਸੂਬੇ ਦੀ ਵੰਡ ਦੌਰਾਨ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖੇ ਗਏ।ਪੰਜਾਬ ਜੋ ਪੰਜ ਦਰਿਆਵਾਂ ਦੀ ਧਰਤੀ ਸੀ ਦੇ ਰਹਿੰਦੇ ਢਾਈ ਦਰਿਆਵਾਂ ਦੇ ਪਾਣੀ ਦੀ ਕੇਂਦਰੀ ਕਾਂਗਰਸ ਸਰਕਾਰ ਨੇ ਅੰਤਰ-ਰਾਸ਼ਟਰੀ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਕੇ ਗੁਆਂਢੀ ਸੂਬਿਆਂ ਨੂੰ ਦੇਣ ਦੇ ਦੁਖਦਾਈ ਤੇ ਘਾਤਕ ਫੈਂਸਲੇ ਕੀਤੇ, ਜਿਸ ਨਾਲ ਹਰੇਕ ਪੰਜਾਬੀ ਦੇ ਦਿਲ ਨੂੰ ਗਹਿਰੀ ਸੱਟ ਵੱਜੀ।ਜੇਕਰ ਪੰਜਾਬ ਦਾ ਪਾਣੀ ਖੋਹਿਆ ਗਿਆ ਤਾਂ ਕਿਰਸਾਨੀ ਬਰਬਾਦ ਹੋ ਜਾਵੇਗੀ, ਜਿਸ ਦਾ ਸਿੱਧਾ ਅਸਰ ਸਿੱਖਾਂ ਤੇ ਪਏਗਾ।ਉਨ੍ਹਾਂ ਕਿਹਾ ਕਿ ਅੱਜ ਦੀ ਇਕੱਤਰਤਾ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇ-ਨਜ਼ਰ ਮਾਣਯੋਗ ਰਾਸ਼ਟਰਪਤੀ ਭਾਰਤ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਪੰਜਾਬ ਦੀ ਹੱਕੀ ਮੰਗ ਨੂੰ ਪ੍ਰਵਾਨ ਕਰਕੇ ਪੰਜਾਬ ਦੇ ਪਾਣੀਆਂ ਨੂੰ ਕਿਸੇ ਵੀ ਸੂਰਤ ਵਿਚ ਪੰਜਾਬ ਤੋਂ ਨਾ ਖੋਹਿਆ ਜਾਵੇ।ਅੰਤ੍ਰਿੰਗ ਕਮੇਟੀਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਪਾਣੀਆਂ ਲਈ ਸਿੱਧੇ ਰਾਇਪੇਰੀਅਨ ਕਾਨੂੰਨ ਅਧੀਨ ਟ੍ਰਿਬਿਊਨਲ ਦਾ ਗਠਨ ਕਰਕੇ ਇਸ ਦਾ ਯੋਗ ਫੈਸਲਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰਿਆਂ ਲਈ ਸੰਗਤੀ ਲਾਂਘੇ ਦੀ ਵੀ ਮੰਗ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਭਾਰਤ ਅਤੇ ਪਾਕਿਸਤਾਨ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਈ ਖੁੱਲ੍ਹਾ ਲਾਂਘਾ ਦਿੱਤਾ ਜਾਵੇ ਤਾਂ ਜੋ ਸੰਗਤਾਂ ਭਾਰਤੀ ਸਰਹੱਦ ਤੋਂ ਆਪਣੇ ਵਿਛੜੇ ਗੁਰਧਾਮ ਦੇ ਦਰਸ਼ਨ-ਦੀਦਾਰੇ ਕਰ ਸਕਣ।
ਅੱਜ ਦੀ ਇਕੱਤਰਤਾ ਵਿੱਚ ਸ੍ਰ: ਬਲਦੇਵ ਸਿੰਘ ਕਿਆਮਪੁਰ ਸੀਨੀਅਰ ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਜੂਨੀਅਰ ਮੀਤ ਪ੍ਰਧਾਨ, ਸ. ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ, ਅੰਤ੍ਰਿੰਗ ਕਮੇਟੀ ਮੈਂਬਰ ਸ੍ਰ: ਜੈਪਾਲ ਸਿੰਘ ਮੰਡੀਆਂ, ਸ੍ਰ: ਨਿਰਮਲ ਸਿੰਘ ਹਰਿਆਓ, ਸ੍ਰ: ਕੁਲਵੰਤ ਸਿੰਘ ਮੰਨਣ, ਸ੍ਰ: ਸਤਪਾਲ ਸਿੰਘ ਤਲਵੰਡੀ ਭਾਈ, ਸ੍ਰ: ਬਲਵਿੰਦਰ ਸਿੰਘ ਵੇਈਂਪੂਈ, ਸ੍ਰ: ਗੁਰਮੇਲ ਸਿੰਘ ਸੰਗਤਪੁਰਾ, ਬੀਬੀ ਜੋਗਿੰਦਰ ਕੌਰ ਬਠਿੰਡਾ, ਭਾਈ ਰਾਮ ਸਿੰਘ ਅੰਮ੍ਰਿਤਸਰ, ਸ੍ਰ: ਗੁਰਚਰਨ ਸਿੰਘ ਗਰੇਵਾਲ, ਸ੍ਰ: ਸੁਰਜੀਤ ਸਿੰਘ ਭਿੱਟੇਵੱਡ ਤੇ ਸ੍ਰ: ਸੁਰਜੀਤ ਸਿੰਘ ਕਾਲਾਬੂਲਾ, ਸ. ਬਾਵਾ ਸਿੰਘ ਗੁਮਾਨਪੁਰਾ ਤੇ ਸ. ਹਰਜਾਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਸੁਖਦੇਵ ਸਿੰਘ ਭੂਰਾਕੋਹਨਾ, ਡਾ. ਪਰਮਜੀਤ ਸਿੰਘ ਸਰੋਆ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਮਹਿੰਦਰ ਸਿੰਘ ਆਹਲੀ, ਸ. ਹਰਭਜਨ ਸਿੰਘ ਮਨਾਵਾਂ, ਸ. ਰਣਜੀਤ ਸਿੰਘ, ਸ. ਬਿਜੈ ਸਿੰਘ ਤੇ ਸ. ਕੇਵਲ ਸਿੰਘ ਵਧੀਕ ਸਕੱਤਰ, ਸ. ਮਨਿੰਦਰ ਮੋਹਣ ਸਿੰਘ ਤੇ ਸ. ਬਲਕਾਰ ਸਿੰਘ ਜੌੜਾ ਇੰਚਾਰਜ, ਸ. ਗੁਰਨਾਮ ਸਿੰਘ ਸੁਪ੍ਰਿੰਟੈਂਡੈਂਟ ਆਦਿ ਮੌਜੂਦ ਸਨ।