ਫ਼ਤਹਿਗੜ੍ਹ ਸਾਹਿਬ ਦੇ ਪਿੰਡ ਦਾਲੋਮਾਜਰਾ ਨੇ ਕੀਤਾ ਦੋ ਤੋਂ ਇਕ ਗੁਰਦੁਆਰਾ ਸਾਹਿਬ
ਗੁਰਦੁਆਰਾ ਸਾਹਿਬ ਦੀ ਖਾਲੀ ਹੋਈ ਇਮਾਰਤ ‘ਚ ਸ਼੍ਰੋਮਣੀ ਕਮੇਟੀ ਬਣਾਏਗੀ ਲਾਇਬ੍ਰੇਰੀ –ਭਾਈ ਲੌਂਗੋਵਾਲ

ਸ੍ਰੀ ਫ਼ਤਹਿਗੜ੍ਹ ਸਾਹਿਬ, ੩੦ ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਏਕਤਾ ਅਤੇ ਪਿੰਡਾਂ ਵਿਚ ਸਮਾਜਿਕ ਸਾਂਝ ਵਧਾਉਣ ਲਈ ‘ਇਕ ਪਿੰਡ ਇਕ ਗੁਰਦੁਆਰਾ ਮੁਹਿੰਮ’ ਤਹਿਤ ਅੱਜ ਇਥੋਂ ਨੇੜਲੇ ਪਿੰਡ ਦਾਲੋਮਾਜਰਾ ਦੇ ਵਾਸੀਆਂ ਵੱਲੋਂ ਇਤਿਹਾਸਕ ਫੈਸਲਾ ਲੈਂਦਿਆਂ ਪਿੰਡ ਵਿਚ ਦੋ ਤੋਂ ਇਕ ਗੁਰਦੁਆਰਾ ਸਾਹਿਬ ਕੀਤਾ ਗਿਆ। ਪਿੰਡ ਵਾਸੀਆਂ ਨੇ ਇਹ ਫੈਸਲਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਭਾਈ ਗੁਰਦਰਸ਼ਨ ਸਿੰਘ ਫਤਹਿਗੜ੍ਹ ਸਾਹਿਬ ਤੇ ਸ. ਤਲਵਿੰਦਰ ਸਿੰਘ ਬੁੱਟਰ ਦੀ ਪ੍ਰੇਰਣਾ ਨਾਲ ਲਿਆ। ਇਸ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਿੰਡ ਦਾਲੋਮਾਜਰਾ ਦੇ ਵਾਸੀਆਂ ਵੱਲੋਂ ਧੜੇਬੰਧੀ ਤੋਂ ਉਪਰ ਉਠ ਕੇ ਵਡੇਰੇ ਪੰਥਕ ਹਿਤਾਂ ਖਾਤਰ ਦੋ ਤੋਂ ਇੱਕ ਗੁਰਦੁਆਰਾ ਸਾਹਿਬ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਖਾਲੀ ਹੋਈ ਇੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਦੇ ਨਾਂ ਤੇ ਧਾਰਮਿਕ ਲਾਏਬ੍ਰੇਰੀ ਸਥਾਪਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਲਾਇਬ੍ਰੇਰੀ ਲਈ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਤੋਂ ਇਲਾਵਾ ੫੦ ਹਜਾਰ ਰੁਪਏ ਦੀਆਂ ਹੋਰ ਕਿਤਾਬਾਂ ਵੀ ਖਰੀਦ ਕੇ ਦਿੱਤੀਆਂ ਜਾਣਗੀਆਂ। ਭਾਈ ਲੌਂਗੋਵਾਲ ਨੇ ਆਪਣੇ ਸੰਬੋਧਨ ਵਿਚ ਪੰਥਕ ਏਕਤਾ ਬਣਾਈ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ।
ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਿੰਡਾਂ ਵਿਚ ਇੱਕ ਗੁਰਦੁਆਰਾ ਹੋਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਵਧੀਆਂ ਢੰਗ ਨਾਲ ਕਾਇਮ ਰੱਖਿਆ ਜਾ ਸਕੇਗਾ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਤੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ ਮੁਹਿੰਮ ਦੇ ਨਾਲ ਪਿੰਡਾਂ ਵਿਚ ਜਾਤਾਂ ਪਾਤਾਂ, ਧੜੇਬੰਦੀਆਂ ਤੇ ਸਮਾਜਿਕ ਵਖਰੇਵਿਆਂ ਨੂੰ ਦੂਰ ਕਰਨ ਵਿਚ ਸਹਾਇਤਾ ਮਿਲੇਗੀ।
ਇਸ ਮੌਕੇ ਪਿੰਡ ਦੇ ਸਰਪੰਚ ਸ. ਨਰਿੰਦਰ ਸਿੰਘ ਸਾਹੀ ਨੇ ਪਿੰਡ ਵਿਚ ਬਣਨ ਵਾਲੀ ਲਾਇਬ੍ਰੇਰੀ ਲਈ ਆਪਣੇ ਪਰਿਵਾਰ ਵੱਲੋਂ ਫਰਨੀਚਰ ਦੀ ਸੇਵਾ ਕਰਵਾਉਣ ਦਾ ਐਲਾਨ ਕੀਤਾ ਅਤੇ ਸ. ਤਜਿੰਦਰ ਸਿੰਘ ਦੇ ਪਰਿਵਾਰ ਨੇ ਇਸ ਲਾਇਬ੍ਰੇਰੀ ਵਿਚ ਬੱਚਿਆਂ ਨੂੰ ਗੁਰਬਾਣੀ ਸੰਥਿਆ ਦੀ ਸੇਵਾ ਦੀ ਜਿੰਮੇਵਾਰੀ ਲਈ। ਇਸ ਤੋਂ ਪਹਿਲਾਂ ਇੱਕ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਦਬ ਨਾਲ ਦੂਸਰੇ ਗੁਰਦੁਆਰਾ ਸਾਹਿਬ ਵਿਚ ਨਗਰ ਕੀਰਤਨ ਦੇ ਰੂਪ ਵਿਚ ਲਿਆਂਦਾ ਗਿਆ, ਜਿਸ ਦੀ ਸੇਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਿਭਾਈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਜਰਨੈਲ ਸਿੰਘ ਤੇ ਭਾਈ ਹਰਦੀਪ ਸਿੰਘ ਦੇ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਪਿੰਡ ਵਾਸੀਆਂ ਤੇ ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ, ਜਦਕਿ ਪਿੰਡ ਵਲੋਂ ਧੰਨਵਾਦ ਵਜੋਂ ਭਾਈ ਲੌਂਗੋਵਾਲ ਤੇ ਗਿਆਨੀ ਰਘਬੀਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਹਲਕੇ ਦੇ ਅਕਾਲੀ ਆਗੂ ਸ. ਦੀਦਾਰ ਸਿੰਘ ਭੱਟੀ, ਸ. ਰਣਜੀਤ ਸਿੰਘ ਲਿਬੜਾ, ਸ. ਹਰਵਿੰਦਰ ਸਿੰਘ ਬੱਬਲ, ਭਾਈ ਗੁਰਚਰਨ ਸਿੰਘ ਗਰੇਵਾਲ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਪਰਮਜੀਤ ਸਿੰਘ ਸਰੋਆ, ਸ. ਦਰਸ਼ਨ ਸਿੰਘ ਲੌਂਗੋਵਾਲ ਪੀਏ, ਸ. ਬਲਜੀਤ ਸਿੰਘ ਭੁੱਟਾ, ਮੈਨੇਜਰ ਸ. ਨੱਥਾ ਸਿੰਘ, ਸ. ਸ਼ਮਸ਼ੇਰ ਸਿੰਘ, ਸ. ਤੇਜਿੰਦਰ ਸਿੰਘ, ਸ. ਸਰਬਜੀਤ ਸਿੰਘ ਸੋਢੀ, ਸ. ਹਰਭਜਨ ਸਿੰਘ ਨੰਬਰਦਾਰ, ਸ. ਪ੍ਰਤਾਪ ਸਿੰਘ ਕਾਲਾ, ਸ. ਸਾਹਿਬ ਸਿੰਘ, ਸ. ਮਲਕੀਤ ਸਿੰਘ ਸੋਢੀ, ਸ. ਪ੍ਰਤਾਪ ਸਿੰਘ ਪੰਚ, ਸ. ਮੁਖਤਿਆਰ ਸਿੰਘ, ਸ. ਜਗਤਾਰ ਸਿੰਘ ਅਤੇ ਸ. ਪਵਨਦੀਪ ਸਿੰਘ ਆਦਿ ਮੌਜੂਦ ਸਨ।