ਅੰਮ੍ਰਿਤਸਰ, 23 ਜੁਲਾਈ:-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਕੁਝ ਮੈਂਬਰਾਂ ਵੱਲੋਂ ਕੀਤੀ ਗਈ ਗੁਪਤ ਮੀਟਿੰਗ ਸਬੰਧੀ ਲੱਗੀ ਖਬਰ ਨੂੰ ਬੇਬੁਨਿਆਦ ਅਤੇ ਤੱਥਾਂ ਤੋਂ ਰਹਿਤ ਦੱਸਦਿਆਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ ਨੇ ਕਿਹਾ ਕਿ ਅਜਿਹੀਆਂ ਖਬਰਾਂ ਪੰਥ ਵਿਰੋਧੀ ਲੋਕਾਂ ਦੀ ਸੋਚੀ ਸਮਝੀ ਚਾਲ ਦਾ ਹਿੱਸਾ ਹਨ, ਜਦਕਿ ਅਸਲੀਅਤ ਵਿਚ ਅਜਿਹੀ ਕੋਈ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਸਿੱਖ ਚਿੰਤਕ ਹੋਣ ਦੇ ਨਾਤੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਹਨ, ਜਿਸਨੂੰ ਵਿਰੋਧੀਆਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਅਤੇ ਇਸੇ ਕਰਕੇ ਹੀ ਅਜਿਹੀਆਂ ਬੇਤੁਕੀਆਂ ਅਫਵਾਹਾਂ ਫੈਲਾ ਕੇ ਸੰਸਥਾਂ ਦੇ ਅਕਸ ਨੂੰ ਢਾਹ ਲਗਾਉਣਾ ਚਾਹੁੰਦੇ ਹਨ। ਭਾਈ ਰਾਮ ਸਿੰਘ ਨੇ ਆਖਿਆ ਕਿ ਪੱਤਰਕਾਰ ਭਾਈਚਾਰੇ ਨੂੰ ਵੀ ਤੱਥਾਂ ‘ਤੇ ਅਧਾਰਤ ਹੀ ਖਬਰ ਨਸ਼ਰ ਕਰਨੀ ਚਾਹੀਦੀ ਹੈ ਅਤੇ ਸੁਣੀ ਸੁਣਾਈ ਗੱਲ ਨੂੰ ਜਨਤਕ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਅਜਿਹੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਝੂਠੀਆਂ ਖਬਰਾਂ ਫੈਲਾਉਣ ਵਾਲੇ ਲੋਕਾਂ ਨੂੰ ਵੀ ਬਾਜ ਆਉਣ ਲਈ ਸਖਤ ਤਾੜਨਾ ਕੀਤੀ।