sਅੰਮ੍ਰਿਤਸਰ 11 ਦਸੰਬਰ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੇ ਸਕੱਤਰ ਨੂੰ ਇੱਕ ਯਾਦ ਪੱਤਰ ਲਿਖਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਦੇ ਕੇਸ ਸਬੰਧੀ ਮਾਨਯੋਗ ਰਾਸ਼ਟਰਪਤੀ ਨਾਲ ਮਿਲਣੀ ਦਾ ਸਮਾਂ ਮੰਗਿਆ ਹੈ। ਆਪਣੇ ਪੱਤਰ ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਰਾਸ਼ਟਰਪਤੀ ਦੇ ਸਕੱਤਰ ਨੂੰ ਲਿਖਿਆ ਹੈ ਕਿ ਬੀਤੀ 15 ਨਵੰਬਰ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਮਾਨਯੋਗ ਰਾਸ਼ਟਰਪਤੀ ਦੇ ਨਾਮ ਇਸੇ ਸਬੰਧ ਵਿਚ ਲਿਖੇ ਪੱਤਰ ਦਾ ਹੁਣ ਤਕ ਕੋਈ ਜਵਾਬ ਨਹੀਂ ਦਿੱਤਾ ਗਿਆ, ਇਸ ਲਈ ਦੁਬਾਰਾ ਇਹ ਯਾਦ ਪੱਤਰ ਭੇਜਿਆ ਜਾ ਰਿਹਾ ਹੈ। ਯਾਦ ਪੱਤਰ ਵਿਚ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਵਫ਼ਦ ਦੀ ਰਾਸ਼ਟਰਪਤੀ ਨਾਲ ਜਲਦੀ ਮਿਲਣੀ ਦੀ ਆਸ ਪ੍ਰਗਟ ਕੀਤੀ ਹੈ।

ਜ਼ਿਕਰੇ-ਖਾਸ ਹੈ ਕਿ ਬੀਤੇ ਦਿਨੀਂ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਆਪਣੀ ਸਜ਼ਾ ਸਬੰਧੀ ਫੈਸਲੇ ਵਿਚ ਹੋ ਰਹੀ ਦੇਰੀ ਕਾਰਨ ਭੁੱਖ ਹੜਤਾਲ ਰੱਖੀ ਗਈ ਸੀ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਭਾਈ ਰਾਜੋਆਣਾ ਨਾਲ ਗੱਲਬਾਤ ਕਰਕੇ ਖ਼ਤਮ ਕਰਵਾਇਆ ਗਿਆ ਸੀ। ਪ੍ਰੋ. ਬਡੂੰਗਰ ਨੇ ਭਾਈ ਰਾਜੋਆਣਾ ਨੂੰ ਮਾਮਲੇ ਦੇ ਜਲਦੀ ਹੱਲ ਲਈ ਰਾਸ਼ਟਰਪਤੀ ਨੂੰ ਮਿਲਣ ਦਾ ਭਰੋਸਾ ਦਿੱਤਾ ਸੀ। ਭਾਈ ਰਾਜੋਆਣਾ ਨਾਲ ਕੀਤੇ ਆਪਣੇ ਵਚਨ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਇੱਕ 7 ਮੈਂਬਰੀ ਵਫ਼ਦ ਦਾ ਗਠਨ ਕਰਕੇ ਭਾਰਤ ਦੇ ਰਾਸ਼ਟਰਪਤੀ ਪਾਸੋਂ ਇੱਕ ਪੱਤਰ ਰਾਹੀਂ ਮਿਲਣੀ ਲਈ ਸਮਾਂ ਮੰਗਿਆ ਗਿਆ ਸੀ ਜਿਸ ਦਾ ਜਵਾਬ ਨਾ ਮਿਲਣ ‘ਤੇ ਮੁੱਖ ਸਕੱਤਰ ਨੇ ਮੁੜ ਯਾਦ ਪੱਤਰ ਭੇਜਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਰਾਸ਼ਟਰਪਤੀ ਨੂੰ ਮਿਲਣ ਵਾਲੇ ਵਫ਼ਦ ਦੇ ਮੈਂਬਰਾਂ ਵਿਚ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਸ. ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸ. ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਸ. ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਦਿੱਲੀ ਕਮੇਟੀ, ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ, ਸ. ਅਵਤਾਰ ਸਿੰਘ ਲੀਗਲ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਸ. ਪਰਮਜੀਤ ਸਿੰਘ ਥਿਆੜਾ ਐਡਵੋਕੇਟ, ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਨਾਮ ਸ਼ਾਮਿਲ ਕੀਤੇ ਗਏ ਸਨ।