ਅੰਮ੍ਰਿਤਸਰ, 22 ਮਾਰਚ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਿਥੇ ਸਾਰਾ ਦਿਨ ਘਰ ਵਿਚ ਰਹਿ ਕੇ ਜਨਤਾ ਕਰਫਿਊ ਦਾ ਸਮਰਥਨ ਕੀਤਾ, ਉਥੇ ਹੀ ਸ਼ਾਮ ਦੇ ਪੰਜ ਵਜੇ ਮਨੁੱਖੀ ਸਲਾਮਤੀ ਲਈ ਸੇਵਾਵਾਂ ਨਿਭਾਅ ਰਹੇ ਸਿਹਤ ਸਟਾਫ, ਪੁਲਿਸ ਪ੍ਰਸ਼ਾਸਨ, ਮੀਡੀਆ ਕਰਮੀਆਂ ਅਤੇ ਸਫਾਈ ਸੇਵਕਾਂ ਆਦਿ ਲਈ ਗੁਰੂ ਸਾਹਿਬ ਅੱਗੇ ਅਰਦਾਸ ਵੀ ਕੀਤੀ। ਦੱਸਣਯੋਗ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਅੱਜ ਸਾਰਾ ਦਿਨ ਜਨਤਾ ਕਰਫਿਊ ਦਾ ਸੱਦਾ ਦਿੱਤਾ ਸੀ। ਉਨ੍ਹਾਂ ਨੇ ਲੋਕਾਂ ਦੀ ਸੇਵਾ ਵਿਚ ਕਾਰਜਸ਼ੀਲ ਸਟਾਫ ਲਈ ਸ਼ਾਮ ਨੂੰ ਪੰਜ ਵਜੇ ਤਾੜੀ ਵਜਾਉਣ ਲਈ ਕਿਹਾ ਸੀ, ਜਦਕਿ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਗੁਰਮਤਿ ਦੇ ਆਸ਼ੇ ਅਨੁਸਾਰ ਅਰਦਾਸ ਨਾਲ ਜਨ-ਸੇਵਕਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਆਪਣੇ ਘਰ ਦੇ ਬਾਹਰ ਪਰਿਵਾਰਕ ਮੈਂਬਰਾਂ ਤੇ ਗੁਆਢੀਆਂ ਨਾਲ ਸ਼ਾਮ ਪੰਜ ਵਜੇ ਮੂਲ ਮੰਤਰ ਦਾ ਪਾਠ ਕਰਨ ਮਗਰੋਂ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਖਿਆ ਕਿ ਅੱਜ ਪੂਰਾ ਵਿਸ਼ਵ ਮਾਨਵ ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਭਿਆਨਕ ਬੀਮਾਰੀ ਦੇ ਚੱਲਦਿਆਂ ਵੀ ਜਿਹੜੇ ਲੋਕ ਆਪਣੀਆਂ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਦਾ ਧੰਨਵਾਦ ਕਰਨਾ ਸਾਡਾ ਫਰਜ਼ ਹੈ। ਲੋਕ ਸੇਵਾ ਕਰਨ ਵਾਲੇ ਲੋਕਾਂ ਦੀ ਸਿਹਤਯਾਬੀ ਲਈ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਅਸੀਂ ਆਪਣੇ ਫਰਜ਼ ਦੀ ਪੂਰਤੀ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਇਸ ਬੀਮਾਰੀ ਵਿੱਚੋਂ ਨਿਕਲਣ ਲਈ ਸੰਜੀਦਾ ਹੋਣਾ ਪਵੇਗਾ। ਆਪਣੇ ’ਤੇ ਸਵੈ ਜਾਬਤਾ ਲਗਾ ਕੇ ਹੀ ਅਸੀਂ ਇਸ ’ਤੇ ਕਾਬੂ ਪਾ ਸਕਦੇ ਹਾਂ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਤੇ ਸਿਹਤ ਵਿਭਾਗ ਦੇ ਸੁਝਾਅ ਨੂੰ ਆਪਣੇ ਆਪ ’ਤੇ ਲਾਗੂ ਕੀਤਾ ਜਾਵੇ ਤਾਂ ਜੋ ਜਲਦ ਇਸ ਸੰਕਟ ਵਿੱਚੋਂ ਨਿਕਲਿਆ ਜਾ ਸਕੇ।