ਅੰਮ੍ਰਿਤਸਰ 9 ਨਵੰਬਰ (       )  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਗੁਰਦੁਆਰਾ-85ਦੇ ਸਮੂਹ ਮੈਨੇਜਰ ਸਾਹਿਬਾਨਾਂ ਅਤੇ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ:ਐਸ.ਓ. 3407 (ਈ) ਮੁਤਾਬਿਕ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ 500 ਅਤੇ 1000 ਹਜ਼ਾਰ ਦੇ ਨੋਟਾਂ ਨੂੰ ਮੁਕੰਮਲ ਤੌਰ ‘ਤੇ ਬੰਦ ਕੀਤੇ ਜਾਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।

ਇਥੋਂ ਜਾਰੀ ਪ੍ਰੈਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੇ ਮੱਦੇਨਜ਼ਰ ਐਸ.ਐਸ.ਕੋਹਲੀ ਐਸੋਸੀਏਟਸ ਵੱਲੋਂ ਦਿੱਤੀ ਰਾਏ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਗੁਰਦੁਆਰਾ-85 ਦੇ ਮੈਨੇਜਰ ਸਾਹਿਬਾਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਹਨ ਕਿ ਮਿਤੀ 8 ਨਵੰਬਰ 2016 ਤੱਕ ਗੁਰਦੁਆਰਾ ਸਾਹਿਬ ਦੇ ਖਜ਼ਾਨੇ (ਸੇਫ) ਅਤੇ ਹੱਥ ਦੀ ਬਾਕੀ ਰਕਮ ਦੀ ਡੀਟੇਲ ਕੈਸ਼ ਬੁੱਕ/ਖਜ਼ਾਨਾ ਰਜਿਸਟਰ ਵਿੱਚ ਬਣਾ ਕੇ ਤੁਰੰਤ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦ ਰਕਮ ਵਿਚੋਂ 500 ਅਤੇ 1000 ਦੇ ਨੋਟ ਤੁਰੰਤ 10 ਨਵੰਬਰ 2016 ਸ਼ਾਮ ਤੱਕ ਬੈਂਕਾਂ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਣ ਅਤੇ 500 ਅਤੇ 1000 ਦਾ ਬੰਦ ਹੋ ਚੁੱਕਾ ਨੋਟ ਹੁਣ ਆਪਣੇ ਕੋਲ ਮੌਜੂਦ ਨਾ ਹੋਣ ਦਾ ਤਸਦੀਕੀ ਸਰਟੀਫਿਕੇਟ ਵੀ ਦਫ਼ਤਰ ਨੂੰ ਭੇਜ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਗੋਲਕ ਗਿਣਤੀ ਦੀ ਰਕਮ ਵਿਚੋਂ 500 ਅਤੇ 1000 ਦੇ ਨੋਟ ਤੁਰੰਤ ਬੈਂਕ ਵਿੱਚ ਜਮਾਂ ਕਰਵਾ ਦਿੱਤੇ ਜਾਇਆ ਕਰਨ। ਉਨ੍ਹਾਂ ਕਿਹਾ ਕਿ 500 ਅਤੇ 1000 ਦੇ ਨੋਟ ਰਸੀਦ ਕੱਟ ਕੇ ਕਿਸੇ ਵੀ ਸੂਰਤ ਵਿੱਚ ਨਾ ਲਏ ਜਾਣ, ਜੇਕਰ ਕੋਈ ਪ੍ਰੇਮੀ ਸ਼ਰਧਾ ਨਾਲ ਜਮਾਂ ਕਰਵਾਉਣਾ ਚਾਹੇ ਤਾਂ ਉਸ ਨੂੰ ਗੋਲਕ ਵਿੱਚ ਪਾਉਣ ਲਈ ਪ੍ਰੇਰਿਆ ਜਾਵੇ। ਉਨ੍ਹਾਂ ਕਿਹਾ ਕਿ ਗੋਲਕ ਗਿਣਤੀ ਸਮੇਂ ਜਾਂ ਗਿਣਤੀ ਉਪਰੰਤ ਨਜ਼ਦੀਕ ਦੇ ਬੈਂਕ ਜਿਥੇ ਗੁਰਦੁਆਰਾ ਸਾਹਿਬ ਦਾ ਖਾਤਾ ਹੈ ਨੂੰ ਲਿਖਤੀ ਪੱਤ੍ਰਿਕਾ ਭੇਜ ਕੇ ਕਿਸੇ ਅਧਿਕਾਰੀ/ਕਰਮਚਾਰੀ ਨੂੰ ਬੁਲਾ ਕੇ ਕੈਸ਼ ਜਮਾਂ ਕਰਵਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬੈਂਕ ਦਾ ਅਧਿਕਾਰੀ/ਕਰਮਚਾਰੀ ਨਹੀਂ ਆ ਸਕਦਾ ਹੋਵੇ ਤਾਂ ਆਪ ਖੁਦ ਜਮਾਂ ਕਰਵਾ ਦਿੱਤੀ ਜਾਵੇ ਅਤੇ ਭੇਜੀ ਪੱਤ੍ਰਿਕਾ ਦੀ ਆਫਿਸ ਕਾਪੀ ਉਪਰ ਨੋਟ ਦੇ ਦਿੱਤਾ ਜਾਵੇ ਕਿ ਅਧਿਕਾਰੀ ਨਹੀਂ ਪਹੁੰਚ ਸਕਿਆ।ਸ. ਬੇਦੀ ਨੇ ਦੱਸਿਆ ਕਿ ਮੁੱਖ ਸਕੱਤਰ ਨੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਇਨ੍ਹਾਂ ਹਦਾਇਤਾਂ ਸਬੰਧੀ ਹਰ ਪ੍ਰਕਾਰ ਦੀ ਜ਼ਿੰਮੇਵਾਰੀ ਅਤੇ ਜੁਆਬਦੇਹੀ ਸਬੰਧਤ ਮੈਨੇਜਰ ਅਤੇ ਅਕਾਊਂਟੈਂਟ ਦੀ ਹੋਵੇਗੀ।

ਸ. ਬੇਦੀ ਨੇ ਕਿਹਾ ਕਿ ਮੁੱਖ ਸਕੱਤਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਤੁਹਾਡੀ ਕੈਸ਼ ਬੁੱਕ ਅਨੁਸਾਰ ਮਿਤੀ 8-11-2016 ਦੀ ਰਾਤ ਨੂੰ ਜਿੰਨੀ ਰਕਮ ਤੁਹਾਡੇ ਕੋਲ ਮੌਜੂਦ ਹੈ ਉਨ੍ਹਾਂ ਵਿਚੋਂ 500 ਤੇ 1000 ਦੇ ਨੋਟਾਂ ਦੀ ਕਰੰਸੀ ਬੈਂਕ ਖੁੱਲਣ ਸਮੇਂ ਤੁਰੰਤ ਬੈਂਕ ਵਿੱਚ ਜਮਾਂ ਕਰਵਾ ਦਿੱਤੀ ਜਾਵੇ ਅਤੇ ਇਸ ਤੋਂ ਇਲਾਵਾ ਹੋਰ ਕੋਈ 500 ਤੇ 1000 ਰੁਪਏ ਦਾ ਨੋਟ ਖਜ਼ਾਨੇ/ਹੱਥ ਦੀ ਬਾਕੀ ਵਿੱਚ ਨਾ ਹੋਣ ਬਾਰੇ ਸੰਸਥਾ ਦਾ ਮੁਖੀ/ਪ੍ਰਿੰਸੀਪਲ/ਇੰਚਾਰਜ ਵੱਲੋਂ ਕੈਸ਼ ਬੁੱਕ ਦੇ ਹੇਠਾਂ ਤਸਦੀਕੀ ਨੋਟ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮਿਤੀ 9-11-2016 ਅਤੇ ਇਸ ਤੋਂ ਬਾਅਦ ਫੀਸ ਜਾਂ ਹੋਰ ਵੀ ਕਿਸੇ ਪ੍ਰਕਾਰ ਦੀ ਵਸੂਲੀ/ਕਿਸੇ ਸੰਸਥਾ/ਫਰਮ ਪਾਸੋਂ ਰਕਮ ਲੈਣ ਸਮੇਂ 500 ਤੇ 1000 ਰੁਪਏ ਦੇ ਨੋਟਾਂ ਦੀ ਕਰੰਸੀ ਦਾ ਲੈਣ-ਦੇਣ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਿਤੀ 9-11-2016 ਅਤੇ ਇਸ ਤੋਂ ਬਾਅਦ ਇਸ ਗੱਲ ਨੂੰ ਯਕੀਨੀ ਬਣਾਉਣਾ ਹੈ ਕਿ ਸੰਸਥਾ ਦੀ ਕੈਸ਼ ਬੁੱਕ ਪ੍ਰਤੀ ਦਿਨ ਲਿਖੀ ਜਾਵੇ ਅਤੇ ਹੱਥ ਦੀ ਬਾਕੀ ਰਕਮ ਦੇ ਨੋਟਾਂ (ਕਰੰਸੀ) ਦਾ ਵੇਰਵਾ ਪੂਰੀ ਤਰ੍ਹਾਂ ਕੈਸ਼ ਬੁੱਕ ਤੇ ਦਰਜ ਕੀਤਾ ਜਾਵੇ। ਇਸ ਦੀ ਤਸਦੀਕੀ ਸੰਸਥਾ ਦਾ ਪ੍ਰਿੰਸੀਪਲ/ਇੰਚਾਰਜ ਹੀ ਕਰੇਗਾ।ਉਨ੍ਹਾਂ ਕਿਹਾ ਕਿ ਜੇ ਕਿਸੇ ਸਟਾਫ ਮੈਂਬਰ ਜਾਂ ਹੋਰ ਕਿਸੇ ਨੂੰ ਕਿਸੇ ਵੀ ਕਿਸਮ ਦੀ ਪੇਸ਼ਗੀ ਦਿੱਤੀ ਗਈ ਹੈ ਤਾਂ ਉਸ ਦੀ ਵਸੂਲੀ ਸਮੇਂ 500 ਤੇ 1000 ਰੁਪਏ ਦੇ ਨੋਟਾਂ ਦੀ ਕਰੰਸੀ ਦਾ ਲੈਣ-ਦੇਣ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੰਸਥਾ ਦੇ ਮੁੱਖੀ ਦੀ ਹਦਾਇਤਾਂ ਸਬੰਧੀ ਪੂਰਨ ਜ਼ਿੰਮੇਵਾਰੀ ਹੋਵੇਗੀ।