ਅੰਮ੍ਰਿਤਸਰ, ੩੧ ਜਨਵਰੀ ( ) – ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਦੇ ਮਾਤਾ ਬੀਬੀ ਹਰਬੰਸ ਕੌਰ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਪਿੰਡ ਅਦਲੀਵਾਲ ਵਿਖੇ ਹੋਇਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਉਂਕਾਰ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਮਾਤਾ ਹਰਬੰਸ ਕੌਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਮਨੁੱਖ ਦੀ ਜਿੰਦਗੀ ਵਿਚ ਮਾਂ ਦਾ ਅਹਿਮ ਸਥਾਨ ਹੈ। ਮਾਂ ਦੀਆਂ ਅਸੀਸਾਂ ਬੱਚੇ ਦੀ ਕਾਮਯਾਬੀ ਲਈ ਸਹਾਈ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮਾਤਾ ਹਰਬੰਸ ਕੌਰ ਦੇ ਸਪੁੱਤਰ ਸ. ਜੋਗਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਵਿਚ ਜਿਕਰਯੋਗ ਸੇਵਾਵਾਂ ਨਿਭਾਈਆਂ ਹਨ ਅਤੇ ਉਹ ਇਸ ਮਹਾਨ ਸੰਸਥਾ ਵਿਚ ਸਕੱਤਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦੀ ਕਾਬਲੀਅਤ ਕਰਕੇ ਹੀ ਸੰਸਥਾ ਨੇ ਉਨ੍ਹਾਂ ਪਾਸੋਂ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਓ.ਐਸ.ਡੀ. ਅਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਸਕੱਤਰ ਵਜੋਂ ਸੇਵਾਵਾਂ ਲਈਆਂ। ਡਾ. ਰੂਪ ਸਿੰਘ ਨੇ ਕਿਹਾ ਕਿ ਸ. ਜੋਗਿੰਦਰ ਸਿੰਘ ਦੀ ਕਾਮਯਾਬੀ ਪਿੱਛੇ ਮਾਤਾ ਹਰਬੰਸ ਕੌਰ ਦੀ ਪ੍ਰੇਰਨਾ ਹੀ ਸੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸਕੱਤਰ ਸ. ਮਨਜੀਤ ਸਿੰਘ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਤੇ ਬਲਵਿੰਦਰ ਸਿੰਘ ਜੋੜਾ ਸਿੰਘਾ, ਸ. ਜਗਜੀਤ ਸਿੰਘ ਜੱਗੀ ਨਿਜੀ ਸਹਾਇਕ ਪ੍ਰਧਾਨ ਸ਼੍ਰੋਮਣੀ ਕਮੇਟੀ, ਸ. ਸਿਮਰਜੀਤ ਸਿੰਘ ਮੀਤ ਸਕੱਤਰ, ਸ. ਸੁਲੱਖਣ ਸਿੰਘ ਭੰਗਾਲੀ ਮੈਨੇਜਰ ਸ੍ਰੀ ਦਰਬਾਰ ਸਾਹਿਬ, ਡਾ. ਏ. ਪੀ. ਸਿੰਘ, ਸ. ਇੰਦਰਜੀਤ ਸਿੰਘ ਬਾਸਰਕੇ, ਸ. ਕੁਲਵੰਤ ਸਿੰਘ ਸਾਬਕਾ ਸਕੱਤਰ, ਰਣਜੀਤ ਸਿੰਘ ਸਾਬਕਾ ਵਧੀਕ ਸਕੱਤਰ, ਸ. ਪਰਮਜੀਤ ਸਿੰਘ ਮੁੰਡਾਪਿੰਡ, ਸਾਬਕਾ ਮੁਲਾਜਮ ਐਸੋਸੀਏਸ਼ਨ ਵਲੋਂ ਪ੍ਰਮਿੰਦਰ ਸਿੰਘ ਡੰਡੀ, ਪ੍ਰੀਤਮ ਸਿੰਘ ਪੁਰੀ, ਸ. ਰਾਜ ਸਿੰਘ ਸ. ਉਂਕਾਰ ਸਿੰਘ ਆਦਿ ਹਾਜਰ ਸਨ।