ਭਾਈ ਲੌਂਗੋਵਾਲ ਨੇ ਸੰਗਤ ਨੂੰ ਸਮਾਗਮ ‘ਚ ਉਤਸ਼ਾਹ ਨਾਲ ਪੁੱਜਣ ਦੀ ਕੀਤੀ ਅਪੀਲ

ਅੰਮ੍ਰਿਤਸਰ, ੧੬ ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਦੇ ਸਬੰਧ ਵਿਚ ਮੁੱਖ ਸਮਾਗਮ ਭਲਕੇ ੧੭ ਨਵੰਬਰ ਨੂੰ ਹੋਵੇਗਾ। ਸ਼ਤਾਬਦੀ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਹ ਸਮਾਗਮ ਸਵੇਰੇ ੧੦:੩੦ ਵਜੇ ਤੋਂ ੨:੩੦ ਵਜੇ ਤੀਕ ਸਜਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਆਖਿਆ ਕਿ ਸਿੱਖ ਪੰਥ ਦੀ ਨੁਮਾਇੰਦਾ ਧਾਰਮਿਕ ਜਥੇਬੰਦੀ ਦੀ ਸਥਾਪਨਾ ਸ਼ਤਾਬਦੀ ਦਾ ਸਮਾਗਮ ਯਾਦਗਾਰੀ ਹੋਵੇਗਾ। ਭਾਈ ਲੌਂਗੋਵਾਲ ਨੇ ਦੱਸਿਆ ਕਿ ਸ਼ਤਾਬਦੀ ਸਮਾਗਮ ਵਿਚ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਇਸ ਤੋਂ ਇਲਾਵਾ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਵੀ ਪੁੱਜਣਗੀਆਂ ਅਤੇ ਸਮਾਗਮ ਦੌਰਾਨ ਪੰਥ ਪ੍ਰਸਿੱਧ ਕੀਰਤਨੀ ਅਤੇ ਢਾਡੀ ਜਥੇ ਵੀ ਹਾਜ਼ਰੀ ਭਰਨਗੇ। ਉਨ੍ਹਾਂ ਸੰਗਤ ਨੂੰ ਸਮਾਗਮ ਵਿਚ ਉਤਸ਼ਾਹ ਨਾਲ ਪੁੱਜਣ ਦੀ ਅਪੀਲ ਵੀ ਕੀਤੀ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਸ਼ਤਾਬਦੀ ਸਬੰਧੀ ਲਗਾਈ ਗਈ ਇਤਿਹਾਸਕ ਚਿੱਤਰ ਪ੍ਰਦਰਸ਼ਨੀ ਵਿਚ ਵੀ ਹਾਜ਼ਰੀ ਭਰੀ। ਦੱਸਣਯੋਗ ਹੈ ਕਿ ਇਹ ਚਿੱਤਰ ਪ੍ਰਦਰਸ਼ਨੀ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਭਰ ਦੇ ੩੧ ਚਿੱਤਰਕਾਰਾਂ ਦੀ ਵਰਕਸ਼ਾਪ ਲਗਾ ਕੇ ਤਿਆਰ ਕੀਤੀ ਗਈ ਹੈ। ਇਨ੍ਹਾਂ ਤਿਆਰ ਕੀਤੇ ਗਏ ਚਿੱਤਰਾਂ ਵਿਚ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਇਤਿਹਾਸ ਅਤੇ ਲੱਗੇ ਮੋਰਚਿਆਂ ਨੂੰ ਬਿਆਨਿਆ ਗਿਆ ਹੈ।