ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ, ਸ੍ਰੀ ਅਨੰਦਪੁਰ ਸਾਹਿਬ ਵੱਲੋਂ ਬਾਬਾ ਹਰਭਜਨ ਸਿੰਘ ਭਲਵਾਨ ਨੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਸੌਂਪੀਆਂ
ਅੰਮ੍ਰਿਤਸਰ 22 ਸਤੰਬਰ ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਅੰਗੀਠਾ ਸਾਹਿਬ ਯਾਦਗਾਰ 13 ਸਿੰਘ ਸ਼ਹੀਦ ਦਾ ਪ੍ਰਬੰਧ ਮਿਲ ਗਿਆ ਹੈ।ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ, ਸ੍ਰੀ ਅਨੰਦਪੁਰ ਸਾਹਿਬ ਵੱਲੋਂ ਬਾਬਾ ਹਰਭਜਨ ਸਿੰਘ ਭਲਵਾਨ ਨੇ ਸ. ਮਨਜੀਤ ਸਿੰਘ ਸਕੱਤਰ ਤੇ ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਸੌਂਪੀਆ।ਇਸ ਸਮੇਂ ਸ. ਮਨਜੀਤ ਸਿੰਘ ਸਕੱਤਰ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ, ਸ੍ਰੀ ਅਨੰਦਪੁਰ ਸਾਹਿਬ ਦਾ ਧੰਨਵਾਦ ਕੀਤਾ ਗਿਆ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀਆਂ ਚਾਬੀਆਂ ਸੌਂਪਣ ਤੇ ਬਾਬਾ ਹਰਭਜਨ ਸਿੰਘ ਭਲਵਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਤੋਂ ਪਹਿਲਾ ਭਾਈ ਕੁਲਵਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਤੇ ਅਰਦਾਸ ਭਾਈ ਸੁਖਵਿੰਦਰ ਸਿੰਘ ਗ੍ਰੰਥੀ ਗੁਰਦੁਆਰਾ ਅੰਗੀਠਾ ਸਾਹਿਬ ਨੇ ਕੀਤੀ ਉਪਰੰਤ ਹੁਕਮਨਾਮਾ ਲਿਆ।
ਸ਼੍ਰੋਮਣੀ ਕਮੇਟੀ ਨੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਧਰਮ ਖਾਤਰ 13 ਸਿੰਘ ਸ਼ਹੀਦ ਹੋ ਗਏ ਸਨ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਅੰਗੀਠਾ ਸਾਹਿਬ ਸੁਸ਼ੋਭਿਤ ਕੀਤਾ ਗਿਆ ਹੈ ਜਿਸ ਦਾ ਪ੍ਰਬੰਧ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਚਲਾ ਰਹੇ ਸਨ ਜਿਨ੍ਹਾਂ ਵੱਲੋਂ ਹੁਣ ਇਹ ਸੇਵਾ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਗਈ ਹੈ।ਉਨ੍ਹਾਂ ਕਿਹਾ ਕਿ ਸਤਿਗੁਰੂ ਦੇ ਘਰ ਦੀ ਸੇਵਾ ਕਿਸੇ ਕਰਮਾ ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈ ਤੇ ਨਿਮਰਤਾ ਅਤੇ ਸਹਿਜ ਭਾਵ ਨਾਲ ਕੀਤੀ ਸੇਵਾ ਥਾਂਇ ਪੈਂਦੀ ਹੈ।
ਇਸ ਮੌਕੇ ਸ. ਬਲਵਿੰਦਰ ਸਿੰਘ ਮੀਤ ਸਕੱਤਰ, ਸ. ਲਖਵਿੰਦਰ ਸਿੰਘ ਬਦੋਵਾਲ, ਸ. ਹਰਪ੍ਰੀਤ ਸਿੰਘ, ਸ. ਹਰਜਿੰਦਰ ਸਿੰਘ ਤੇ ਸ. ਸਤਨਾਮ ਸਿੰਘ ਮਾਂਗਾਸਰਾਏ ਐਡੀਸ਼ਨਲ ਮੈਨੇਜਰ, ਬਾਬਾ ਮੇਜਰ ਸਿੰਘ, ਬਾਬਾ ਸਤਨਾਮ ਸਿੰਘ, ਸ. ਬੇਅੰਤ ਸਿੰਘ ਅਨੰਦਪੁਰੀ ਸਾਬਕਾ ਐਡੀਸ਼ਨਲ ਮੈਨੇਜਰ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।