ਆਦਿ ਤੋਂ ਅਨੰਤ ਤੇ ਅਨੰਤ ਤੋਂ ਆਦਿ ਦਾ ਫਲਸਫਾ ਰੂਪਮਾਨ ਕਰਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ- ਪ੍ਰੋ. ਬਡੂੰਗਰ

ਲੁਧਿਆਣਾ, 3 ਅਕਤੂਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰਾਂ ਦੀ ਲੜੀ ਤਹਿਤ ਸਥਾਨਕ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ‘ਚ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਆਰੰਭਤਾ ਸ਼ਬਦ ਗਾਇਨ ਨਾਲ ਹੋਈ। ਸੈਮੀਨਾਰ ਦੌਰਾਨ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਮਨੁੱਖਤਾ ਨੂੰ ਦਿਖਾਇਆ ਗਿਆ ਸੱਚ ਦਾ ਮਾਰਗ ਇਕ ਚਾਨਣ ਮੁਨਾਰਾ ਹੈ, ਜਿਸ ‘ਤੇ ਚੱਲ ਕੇ ਸਮੁੱਚੀ ਮਾਨਵਤਾ ਆਪਣਾ ਜੀਵਨ ਸੁਖਦਾਈ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਆਦਿ ਤੋਂ ਅਨੰਤ ਅਤੇ ਅਨੰਤ ਤੋਂ ਆਦਿ ਤੱਕ ਦੇ ਫਲਸਫੇ ਨੂੰ ਰੂਪਮਾਨ ਕਰਦੀ ਹੈ। ਮਨੁੱਖ ਦੀ ਸਮੁੱਚੀਆਂ ਸਮੱਸਿਆਵਾਂ ਦਾ ਸਮਾਧਾਨ ਪਾਵਨ ਗੁਰਬਾਣੀ ਅੰਦਰ ਦਰਜ਼ ਹੈ। ਲੋੜ ਇਸ ਗੱਲ ਹੈ ਕਿ ਗੁਰਬਾਣੀ ਦੇ ਅਰਥਾਂ ਨੂੰ ਸਮਝ ਕੇ ਜੀਵਨ ਵਿਚ ਅਪਣਾਇਆ ਜਾਵੇ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਸ. ਅਜਮੇਰ ਸਿੰਘ ਲੱਖੋਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਵਰਤਮਾਨ ਸਮੇਂ ਦਾ ਇਕ ਇਤਿਹਾਸਕ ਮੌਕਾ ਦੱਸਿਆ।
ਸੈਮੀਨਾਰ ‘ਚ ਵੱਖ-ਵੱਖ ਵਿਦਵਾਨਾਂ ਨੇ ਆਪਣੇ ਪਰਚੇ ਪੇਸ਼ ਕੀਤੇ। ਡਾ. ਸਰਬਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਵਿਸ਼ਵ ਵਿਆਪੀ ਸਦਭਾਵਨਾ ਬਾਰੇ ਜਾਣੂ ਕਰਵਾਇਆ। ਡਾ. ਮੁਹੰਮਦ ਅਬੀਬ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਰ ਵਰਗ ਦੇ ਸਨਮਾਨ ਨੂੰ ਉੱਚਾ ਚੁੱਕਿਆ ਅਤੇ ਮਨੁੱਖੀ ਏਕਤਾ ਦੇ ਵਿਚਾਰ ਨੂੰ ਉਭਾਰਿਆ। ਕਰਨਲ ਦਲਵਿੰਦਰ ਸਿੰਘ ਗਰੇਵਾਲ ਨੇ ਵਿਸ਼ਵ ਮਾਨਵ ਲਈ ਗੁਰਬਾਣੀ ਦੀ ਪ੍ਰਸੰਗਕਤਾ ਬਾਰੇ ਵਿਚਾਰ ਪੇਸ਼ ਕੀਤੇ। ਸ਼੍ਰੋਮਣੀ ਕਮੇਟੀ ਤੇ ਸ੍ਰੀ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸਿੱਖ ਸਰੋਕਾਰਾਂ ਦੀ ਰੌਸ਼ਨੀ ਵਿਚ ਹਰ ਮਨੁੱਖ ਨੂੰ ਚੰਗੀ ਜੀਵਨ ਜਾਚ ਜਿਊਣ ਦੀ ਪ੍ਰੇਰਣਾ ਕੀਤੀ। ਉਨ੍ਹਾਂ ਕਿਹਾ ਕਿ ਸੈਮੀਨਾਰ ਕਰਵਾਉਣ ਦਾ ਮੰਤਵ ਨੌਜੁਆਨ ਪੀੜ੍ਹੀ ਨੂੰ ਗੁਰੂ ਉਪਦੇਸ਼ਾਂ ਨਾਲ ਜੋੜਨਾ ਅਤੇ ਇਸ ਨੂੰ ਖੋਜ ਦੇ ਖੇਤਰ ਵਿਚ ਹੋਰ ਅੱਗੇ ਵਧਾਉਣਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਸੈਮੀਨਾਰ ‘ਚ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਹਰਜਿੰਦਰ ਕੌਰ ਚੰਡੀਗੜ੍ਹ, ਸ. ਹਰਪਾਲ ਸਿੰਘ ਜੱਲਾ, ਸ. ਗੁਰਮੇਲ ਸਿੰਘ ਸੰਗੋਵਾਲ, ਸ. ਪ੍ਰੀਤਮ ਸਿੰਘ ਬਡਬਰ, ਸ. ਬਲਜੀਤ ਸਿੰਘ ਗਿੱਲ, ਸ. ਅਵਤਾਰ ਸਿੰਘ ਗਿੱਲ, ਡਾ. ਗੁਰਤੇਜ ਸਿੰਘ, ਸ. ਅਮਰਜੀਤ ਸਿੰਘ ਬਮਬੇਰੀ, ਸ. ਸਰਜੀਤ ਸਿੰਘ ਸੋਹਲ, ਸ. ਭਗਵੰਤ ਸਿੰਘ, ਸ. ਰਣਜੋਧ ਸਿੰਘ, ਸ੍ਰੀ ਮੁਹੰਮਦ ਸ਼ਾਹਬਾਜ਼ ਆਦਿ ਮੌਜੂਦ ਸਨ।