13-12-2016-1
ਅੰਮ੍ਰਿਤਸਰ ੧੩ ਦਸੰਬਰ (          ) ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਸੈਣ ਜੀ ਦਾ ਜਨਮ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ।
ਇਸ ਮੌਕੇ ਆਯੋਜਿਤ ਕੀਤੇ ਗਏ ਗੁਰਮਤਿ ਸਮਾਗਮ ਅੰਦਰ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇ ਕਿਹਾ ਕਿ ਪ੍ਰਭੂ ਬੰਦਗੀ ਤੇ ਅਧਿਆਤਮਕ ਵਿਚਾਰਧਾਰਾ ਵਿੱਚ ਲੀਨ ਰਹਿਣ ਵਾਲੇ ਭਗਤ ਸੈਣ ਜੀ ਪਰਮਾਤਮਾ ਦੇ ਇਕ ਅਜਿਹੇ ਸੱਚੇ ਭਗਤ ਸਨ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਹਰੀ ਨਾਮ ਦਾ ਜਸ ਗਾਉਂਦਿਆਂ ਤੇ ਉਪਦੇਸ਼ ਦਿੰਦਿਆਂ ਅਕਾਲ ਪੁਰਖ ਦੇ ਲੇਖੇ ਲਾਇਆ ਹੈ।ਉਨ੍ਹਾਂ ਨੇ ਭਗਤ ਸੈਣ ਜੀ ਦੇ ਜੀਵਨ ਸਬੰਧੀ ਰੌਸ਼ਨੀ ਪਾਉਂਦਿਆਂ ਕਿਹਾ ਕਿ ਹਮੇਸ਼ਾ ਪ੍ਰਭੂ ਬੰਦਗੀ ਤੇ ਪ੍ਰਭੂ ਦੇ ਭਗਤਾਂ ਦੀ ਸੇਵਾ ਨੂੰ ਸਮਰਪਿਤ ਰਹਿਣ ਵਾਲੇ ਭਗਤ ਸੈਣ ਜੀ ਇਕ ਪਰਉਪਕਾਰੀ ਸੇਵਕ ਸਨ।ਜਿਸ ਸਦਕਾ ਭਗਤ ਜੀ ਦੀ ਹਸਤੀ ਦੀ ਖੂਸ਼ਬੂ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੀ।ਸਿੰਘ ਸਾਹਿਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੁਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਸੈਣ ਜੀ ਦਾ ਉਚਰਿਆ ਹੋਇਆ ਕੇਵਲ ਇਕੋ-ਇਕ ਸ਼ਬਦ ਰਾਗ ਧਨਾਸਰੀ ਅੰਗ ੬੯੫ ਤੇ ਦਰਜ ਹੈ।ਜੋ ਸਮੁੱਚੀ ਮਨੁੱਖਤਾ ਨੂੰ ਪ੍ਰਭੂ ਦਾ ਸਿਮਰਨ ਕਰਨ, ਵਹਿਮਾਂ-ਭਰਮਾਂ ਤੇ ਫੋਕਟ ਰਸਮਾਂ ਦਾ ਡੱਟ ਕੇ ਖੰਡਨ ਕਰਨ ਅਤੇ ਧਰਮ ਦੇ ਅਸਲੀ ਤੱਤਾਂ ਨੂੰ ਨੇੜੇ ਲਿਆਉਣ ਦੀ ਤਾਕੀਦ ਕਰਦਾ ਹੈ।ਅੱਜ ਲੋੜ ਹੈ ਸਮੂਹ ਸੰਗਤਾਂ ਭਗਤ ਸੈਣ ਜੀ ਦੇ ਪੂਰਨਿਆ ‘ਤੇ ਚੱਲਦਿਆਂ ਹੋਇਆ ਪ੍ਰਭੂ ਕੀਰਤੀ ਵਿੱਚ ਆਪਣਾ ਜਨਮ ਸਫਲਾ ਕਰਨ।ਇਸ ਤੋਂ ਪਹਿਲਾ ਭਗਤ ਸੈਣ ਜੀ ਦੇ ਜਨਮ ਦਿਹਾੜੇ ਨੂੰ ਸ਼ਰਧਾ ਭਾਵਨਾ ਨਾਲ ਮਨਾਉਣ ਹਿਤ ਸ਼੍ਰੋਮਣੀ ਕਮੇਟੀ ਵੱਲੋਂ ਆਯੋਜਿਤ ਕੀਤੇ ਗਏ ਗੁਰਮਤਿ ਸਮਾਗਮ ਸਬੰਧੀ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਭਾਈ ਸੁਲੱਖਣ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇ ਅੰਮ੍ਰਿਤ ਮਈ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਅਰਦਾਸ ਭਾਈ ਪ੍ਰਗਟ ਸਿੰਘ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇ ਲਿਆ।
  ਗੁਰਮਤਿ ਸਮਾਗਮ ਦੌਰਾਨ ਨਾਈ ਸਿੱਖ ਮਹਾਂ ਸਭਾ ਦੇ ਪ੍ਰਧਾਨ ਸ. ਧਰਮਵੀਰ ਸਿੰਘ ਉਗਰ ਔਲਖ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁੱਜੇ ਸਭਾ ਦੇ ਮੈਂਬਰਾਂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸਿਰੋਪਾਓ ਤੇ ਭਗਤ ਸੈਣ ਜੀ ਦੀ ਤਸਵੀਰ ਭੇਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ।
ਇਸ ਮੌਕੇ ਸ. ਰਣਜੀਤ ਸਿੰਘ, ਸ. ਬਿਜੈ ਸਿੰਘ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ. ਜਗਜੀਤ ਸਿੰਘ ਮੀਤ ਸਕੱਤਰ, ਸ. ਲਖਵਿੰਦਰ ਸਿੰਘ ਬਦੋਵਾਲ, ਸ. ਹਰਜਿੰਦਰ ਸਿੰਘ ਤੇ ਸ. ਲਖਬੀਰ ਸਿੰਘ ਵਧੀਕ ਮੈਨੇਜਰ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਤੇ ਸ. ਬਲਕਾਰ ਸਿੰਘ ਜੌੜਾ ਇੰਚਾਰਜ, ਭਾਈ ਗੁਰਸੇਵਕ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਸ. ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।