ਸ੍ਰੀ ਅੰਮ੍ਰਿਤਸਰ, ੧੦ ਮਾਰਚ –ਹਿਮਾਚਲ ਪ੍ਰਦੇਸ਼ ‘ਚ ਸੜਕ ਹਾਦਸੇ ਦੌਰਾਨ ਮਾਰੇ ਗਏ ਅੰਮ੍ਰਿਤਸਰ ਜਿਲ੍ਹੇ ਦੇ ੮ ਨੌਜੁਆਨਾਂ ਦੇ ਵਾਰਸਾਂ ਅਤੇ ਇੱਕ ਜਖਮੀ ਨੌਜਵਾਨ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ੫੦-੫੦ ਹਜ਼ਾਰ ਦੀ ਸਹਾਇਤਾ ਦੇ ਚੈੱਕ ਦਿੱਤੇ ਗਏ।

ਅੱਜ ਮ੍ਰਿਤਕ ਨੌਜਵਾਨਾਂ ਦੀ ਆਤਮਕ ਸ਼ਾਂਤੀ ਲਈ ਪਿੰਡ ਕਾਲੇ ਘਣੂੰਪੁਰ ਨੇੜੇ ਸਥਿਤ ਗੁਰਦੁਆਰਾ ਸੰਗਤਸਰ ਡੇਰਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਦੀਵਾਨ ਹਾਲ ਵਿਖੇ ਰੱਖੇ ਗਏ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਹਰਪਾਲ ਸਿੰਘ ਜੱਲ੍ਹਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਤੇ ਜ਼ਖਮੀ ਨੂੰ ੫੦-੫੦ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ।

ਸ. ਹਰਪਾਲ ਸਿੰਘ ਜੱਲ੍ਹਾ ਨੇ ਇਸ ਮੋਕੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਭਰ ਜਵਾਨੀ ਵਿਚ ਐਸਾ ਭਿਆਨਕ ਹਾਦਸਾ ਵਾਪਰਨ ਕਾਰਨ ਮ੍ਰਿਤਕ ਨੌਜਵਾਨਾਂ ਦੇ ਮਾਪਿਆਂ ਨੂੰ ਪਿਆ ਘਾਟਾ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ ਪਰ ਸ਼੍ਰੋਮਣੀ ਕਮੇਟੀ ਇਨ੍ਹਾਂ ਪਰਿਵਾਰਾਂ ਦੀ ਅੱਗੋਂ ਵੀ ਮਦਦ ਕਰਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਅਕਾਲ ਪੁਰਖ ਦਾ ਭਾਣਾ ਅਟੱਲ ਹੈ ਅਤੇ ਉਸ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਉਨ੍ਹਾਂ ਕਿਹਾ ਕਿ ਮੇਰੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ ਕਿ ਸਤਿਗੁਰੂ ਜੀ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਉਨ੍ਹਾਂ ਜ਼ਖਮੀ ਨੌਜਵਾਨ ਦੇ ਜਲਦੀ ਸਿਹਤਯਾਬ ਹੋਣ ਦੀ ਵੀ ਅਰਦਾਸ ਜੋਦੜੀ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸ੍ਰੀ ਮਨੀਕਰਨ ਸਾਹਿਬ ਦੀ ਯਾਤਰਾ ‘ਤੇ ਗਏ ਨੌਜਵਾਨਾਂ ਦੇ ਵਾਪਸ ਪਰਤਣ ਮੌਕੇ ਹਿਮਾਚਲ ਪ੍ਰਦੇਸ਼ ਦੇ ਸਵਾਰਘਾਟ ਕੋਲ ਕਾਰ ਦੇ ਡੂੰਘੀ ਖੱਡ ‘ਚ ਡਿੱਗ ਜਾਣ ਕਾਰਨ ੮ ਦੀ ਮੌਤ ਹੋ ਗਈ ਸੀ ਅਤੇ ਇੱਕ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਸੀ।

ਇਸ ਮੌਕੇ ਜੂਨੀਅਰ ਮੀਤ ਪ੍ਰਧਾਨ ਸ. ਹਰਪਾਲ ਸਿੰਘ ਜੱਲ੍ਹਾ ਨਾਲ ਗਏ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਬਾਵਾ ਸਿੰਘ ਗੁਮਾਨਪੁਰਾ, ਸ. ਮਗਵਿੰਦਰ ਸਿੰਘ ਖਾਪੜਖੇੜੀ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ, ਮੈਨੇਜਰ ਸ. ਸੁਲੱਖਣ ਸਿੰਘ, ਇੰਚਾਰਜ ਸ. ਕਰਮਬੀਰ ਸਿੰਘ, ਸ. ਗੁਰਚਰਨ ਸਿੰਘ ਕੋਹਾਲਾ ਤੇ ਸ. ਲਾਲ ਸਿੰਘ ਨੇ ਵੀ ਮ੍ਰਿਤਕ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ।