ਅੰਮ੍ਰਿਤਸਰ, ੩ ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ, ਸਾਬਕਾ ਜਨਰਲ ਸਕੱਤਰ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੰਤਰੀ ਪੰਜਾਬ ਸ. ਮੇਜਰ ਸਿੰਘ ਉਬੋਕੇ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਸ. ਉਬੋਕੇ ਇਕ ਪੰਥ ਪ੍ਰਸਤ ਆਗੂ ਸਨ, ਜਿਨ੍ਹਾਂ ਨੇ ਹਮੇਸ਼ਾ ਹੀ ਕੌਮ ਦੀ ਚੜ੍ਹਦੀ ਕਲਾ ਲਈ ਕਾਰਜ ਕੀਤੇ। ਸ. ਉਬੋਕੇ ਨੇ ਵੱਖ-ਵੱਖ ਉਘੀਆਂ ਸ਼ਖ਼ਸੀਅਤਾਂ ਨਾਲ ਕੰਮ ਕਰਦਿਆਂ ਪੰਥ ਅਤੇ ਪੰਜਾਬ ਦੀ ਬੇਹਤਰੀ ਲਈ ਸੇਧਾਂ ਦਿੱਤੀਆਂ। ਉਹ ਇਕ ਸੱਚੇ ਲੋਕ ਆਗੂ ਸਨ, ਜਿਨ੍ਹਾਂ ਨੇ ਸਾਰਾ ਜੀਵਨ ਸਾਦਗੀ ਨਾਲ ਲੋਕ ਸੇਵਾ ਵਿਚ ਬਤੀਤ ਕੀਤਾ। ਸ. ਉਬੋਕੇ ਦੇ ਚਲਾਣੇ ਨਾਲ ਜਿਥੇ ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਪੰਜਾਬ ਇਕ ਦਰਵੇਸ਼ ਆਗੂ ਤੋਂ ਵਾਂਝਾ ਹੋ ਗਿਆ ਹੈ। ਭਾਈ ਲੌਂਗੋਵਾਲ ਨੇ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।