ਲੰਗਰ ਛਕਿਆ ਤੇ ਭੂਰੀ ਵਾਲੇ ਸੰਪਰਦਾ ਦੇ ਕਾਰਜਾਂ ਦੀ ਕੀਤੀ ਸ਼ਲਾਘਾ
ਪਟਨਾ ਸਾਹਿਬ, ੨੪ ਦਸੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਅੱਜ ਇਥੇ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਪੰਥਕ ਵਿਚਾਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਾਰ ਸੇਵਾ ਸੰਪਰਦਾ ਭੂਰੀ ਵਾਲਿਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਨਿਭਾਈਆਂ ਜਾ ਰਹੀਆਂ ਲੰਗਰਾਂ ਤੇ ਸੰਗਤ ਲਈ ਰਿਹਾਇਸ਼ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਲਗਾਏ ਗਏ ਗੁਰੂ ਕੇ ਲੰਗਰ ਵਿਚ ਪ੍ਰਸ਼ਾਦਾ ਵੀ ਛਕਿਆ।
ਇਸ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਾਬਾ ਕਸ਼ਮੀਰ ਸਿੰਘ ਨੂੰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਵਿਖੇ ਸੰਗਤ ਨਿਵਾਸ, ਪਾਰਕਿੰਗ ਅਤੇ ਵਿਸ਼ੇਸ਼ ਯਾਦਗਾਰ ਦੀ ਉਸਾਰੀ ਲਈ ਸਹਿਯੋਗ ਦੇਣ ਲਈ ਸੱਦਾ ਦਿੱਤਾ ਜਿਸ ਤੇ ਬਾਬਾ ਕਸ਼ਮੀਰ ਸਿੰਘ ਨੇ ਕਿਹਾ ਕਿ ਪੰਥ ਦੀ ਸ਼੍ਰੋਮਣੀ ਜਥੇਬੰਦੀ ਸ਼੍ਰੋਮਣੀ ਕਮੇਟੀ ਉਨ੍ਹਾਂ ਨੂੰ ਜੋ ਵੀ ਕਾਰਜ ਕਰਨ ਲਈ ਸੇਵਾ ਦੇਵੇਗੀ ਉਹ ਉਸ ਨੂੰ ਪੂਰਾ ਕਰਨਗੇ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਉਨ੍ਹਾਂ ਨਾਲ ਆਏ ਸ. ਗੁਰਮੀਤ ਸਿੰਘ ਬੂਹ, ਭਾਈ ਰਜਿੰਦਰ ਸਿੰਘ ਮਹਿਤਾ, ਬੀਬੀ ਜੋਗਿੰਦਰ ਕੌਰ, ਡਾ. ਰੂਪ ਸਿੰਘ ਮੁੱਖ ਸਕੱਤਰ, ਸ. ਸੁਲੱਖਣ ਸਿੰਘ ਭੰਗਾਲੀ, ਸ. ਪ੍ਰਤਾਪ ਸਿੰਘ ਤੇ ਹੋਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਮਹੰਤ ਬਲਵੰਤ ਸਿੰਘ, ਸ. ਨਵਇੰਦਰ ਸਿੰਘ ਲੌਂਗੋਵਾਲ, ਸ. ਬਲਵਿੰਦਰ ਸਿੰਘ ਲੌਂਗੋਵਾਲ, ਬਾਬਾ ਅਵਤਾਰ ਸਿੰਘ ਧੱਤਲ, ਬਾਬਾ ਗੁਰਵਿੰਦਰ ਸਿੰਘ, ਮਹੰਤ ਗੋਪਾਲ ਸਿੰਘ ਕੋਠਾਰੀ, ਸ. ਰਾਮ ਸਿੰਘ ਭਿੰਡਰ, ਬਾਬਾ ਗੁਰਨਾਮ ਸਿੰਘ, ਬਾਬਾ ਜੱਗਾ ਸਿੰਘ, ਮਹੰਤ ਕਾਹਨ ਸਿੰਘ ਸੇਵਾ ਪੰਥੀ ਆਦਿ ਵੀ ਹਾਜ਼ਰ ਸਨ।