ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਆਪਸੀ ਸਦਭਾਵਨਾ ਬਣਾਈ ਰੱਖਣ

ਅੰਮ੍ਰਿਤਸਰ 17 ਅਕਤੂਬਰ – ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਥਾਵਾਂ ਤੇ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੀ ਬੇਅਦਬੀ, ਪੱਤਰੇ ਪਾੜਨ ਅਤੇ ਅਗਜਨੀ ਦੀਆਂ ਘਟਨਾਵਾਂ ਨੇ ਗੁਰੂ ਨਾਨਕ ਨਾਮ-ਲੇਵਾ ਗੁਰਸਿੱਖਾਂ, ਪੰਜਾਬੀਆਂ ਤੇ ਧਰਮੀ ਲੋਕਾਂ ਨੂੰ ਗਹਿਰਾ ਸਦਮਾ ਪਹੁੰਚਾਇਆ ਹੈ। ਸਿੱਖਾਂ ਵਾਸਤੇ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਤ–ਜੋਤਿ ਸਤਿਗੁਰੂ ਹਨ, ਜਿਸ ਦੇ ਅਪਮਾਨ ਨੂੰ ਕੋਈ ਵੀ ਸਿੱਖ ਸਹਾਰ ਨਹੀਂ ਸਕਦਾ। ਅਜਿਹੀਆਂ ਘਟਨਾਵਾਂ ਸ਼ਰਾਰਤੀ ਅਤੇ ਮਾਨਸਿਕ ਤੌਰ ‘ਤੇ ਅਪਾਹਜ ਹੋ ਚੁੱਕੇ ਲੋਕ ਹੀ ਕਰ ਸਕਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਪਿੰਡ ਬਹਿਬਲ ਕਲਾਂ ਵਿਚ ਦਿੱਤੇ ਜਾ ਰਹੇ ਸ਼ਾਂਤਮਈ ਰੋਸ ਧਰਨੇ ਦੌਰਾਨ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਭਾਈ ਗੁਰਜੀਤ ਸਿੰਘ ਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਵਾਰਸਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸ-ਦਸ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।

ਦਫਤਰ ਤੋਂ ਜਾਰੀ ਪੈੱਸ ਬਿਆਨ ਵਿਚ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਤਤਪਰ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਸੁਹਿਰਦਤਾ ਨਾਲ ਦੋਸ਼ੀਆਂ ਦੀ ਭਾਲ ਜਾਰੀ ਹੈ।

ਉਨ੍ਹਾਂ ਕਿਹਾ ਕਿ ਅਜਿਹੀਆਂ ਹਿਰਦੇਵੇਧਕ, ਦੁਖਦਾਈ ਘਟਨਾਵਾਂ ਨਾ ਵਾਪਰਨ, ਇਸ ਲਈ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਜਿਥੇ-ਜਿਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਸੁਖ-ਆਸਨ ਅਸਥਾਨ ਹਨ, ਉਨ੍ਹਾਂ ਦੀ ਸੇਵਾ–ਸੰਭਾਲ ਲਈ ਸੁਚੇਤ ਹੋਈਏ ਤਾਂ ਕਿ ਗ਼ੈਰ ਸਮਾਜਿਕ ਤੱਤਾਂ ਤੇ ਸ਼ਰਾਰਤੀ ਲੋਕਾਂ ਨੂੰ ਪੰਜਾਬ ਦੀ ਅਮਨ-ਸ਼ਾਂਤੀ, ਸਦਭਾਵਨਾ ਅਤੇ ਆਪਸੀ ਭਾਈਚਾਰੇ ਨੂੰ ਠੇਸ ਪਹੁੰਚਾਉਣ ਦਾ ਮੌਕਾ ਨਾ ਮਿਲੇ। ਉਨ੍ਹਾਂ ਕਿਹਾ ਕਿ ਇਸ ਬਿਖੜੇ ਸਮੇਂ ਜਿਥੇ ਸਾਨੂੰ ਸਾਰਿਆਂ ਨੂੰ ਅਮਨ-ਸ਼ਾਂਤੀ, ਪਿਆਰ-ਮੁਹੱਬਤ ਨਾਲ ਮਿਲ-ਜੁਲ ਕੇ ਸ਼ਰਾਰਤੀ ਅਨਸਰਾਂ ਤੇ ਪੰਥ ਦੋਖੀਆਂ ਤੋਂ ਸੁਚੇਤ ਹੁੰਦਿਆਂ, ਸਦਭਾਵਨਾ ਬਨਾਉਣ ਦੀ ਲੋੜ ਹੈ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ-ਸਤਿਕਾਰ ਨੂੰ ਬਰਕਰਾਰ ਰੱਖਣ ਲਈ ਪ੍ਰਸ਼ਾਸਨ ਨੂੰ ਵੀ ਠੋਸ ਕਦਮ ਚੁੱਕਣ ਦੀ ਲੋੜ ਹੈ। ਇਸ ਸਮੇਂ ਸਮੁੱਚੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਤੀ ਸੁਚੇਤ ਹੋ ਕੇ ਡਿਊਟੀ ਕਰਨ ਦੀ ਜ਼ਰੂਰਤ ਹੈ।

ਉਨ੍ਹਾਂ ਗੁਰੂ-ਘਰਾਂ ਦੇ ਪ੍ਰਬੰਧਕਾਂ, ਗ੍ਰੰਥੀ ਤੇ ਅਖੰਡਪਾਠੀ ਸਿੰਘਾਂ ਨੂੰ ਵੀ ਬੇਨਤੀ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਰੱਖਣ ਅਤੇ ਸੇਵਾ-ਸੰਭਾਲ ਲਈ 24 ਘੰਟੇ ਗੁਰੂ-ਘਰਾਂ ਦੀ ਪਹਿਰੇਦਾਰੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਮੂਹ ਗੁਰੂ-ਘਰਾਂ ਦੇ ਪ੍ਰਬੰਧਕਾਂ, ਸਭਾ-ਸੁਸਾਇਟੀਆਂ, ਸੰਤ ਸਮਾਜ, ਨਿਹੰਗ-ਸਿੰਘ ਜਥੇਬੰਦੀਆਂ, ਸਿੱਖ ਟਕਸਾਲਾਂ, ਮਿਸ਼ਨਰੀ ਸੰਸਥਾਵਾਂ, ਸਿੰਘ ਸਭਾਵਾਂ ਤੇ ਧਾਰਮਿਕ-ਸਮਾਜਿਕ ਜਥੇਬੰਦੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਦੇ ਪਸਚਾਤਾਪ ਵਜੋਂ 19 ਅਕਤੂਬਰ, 2015 ਨੂੰ ਸ੍ਰੀ ਅਖੰਡਪਾਠ ਸਾਹਿਬ ਆਰੰਭ ਕਰਕੇ 21 ਅਕਤੂਬਰ, 2015 ਨੂੰ ਭੋਗ ਪਾਏ ਜਾਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਤੇ ਪੰਜਾਬ ਦੀ ਸੁਖ-ਸ਼ਾਂਤੀ ਲਈ ਅਰਦਾਸ ਕੀਤੀ ਜਾਵੇ।

ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸੰਸਾਰ ਭਰ ਦੇ ਸਿੱਖਾਂ, ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਨੂੰ ਪੰਜਾਬ ਦੀ ਅਮਨ-ਸ਼ਾਂਤੀ ਤੇ ਸਦਭਾਵਨਾ ਲਈ ਨਿਮਰਤਾ ਸਹਿਤ ਸਹਿਯੋਗੀ ਬਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਅਪੀਲ ਵੀ ਕੀਤੀ।