ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਨੇ ਧਾਰਮਿਕ ਅਧਿਆਪਕਾਂ ਨਾਲ ਕੀਤੀ ਇਕੱਤਰਤਾ

ਅੰਮ੍ਰਿਤਸਰ, 12 ਜੂਨ- ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧ ਹੇਠ ਮਾਝਾ ਅਤੇ ਦੁਆਬਾ ਖੇਤਰ ਨਾਲ ਸਬੰਧਤ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਧਾਰਮਿਕ ਅਧਿਆਪਕਾ ਦੀ ਇਕੱਤਰਤਾ ਇਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ, ਜਿਸ ਵਿਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਆਨਲਾਈਨ ਵਿਧੀ ਦੁਆਰਾ ਬੱਚਿਆਂ ਨਾਲ ਰਾਬਤਾ ਬਣਾ ਕੇ ਨਿਰਧਾਰਤ ਧਾਰਮਿਕ ਸਿਲੇਬਸ ਪੂਰਾ ਕਰਨ ਲਈ ਕਿਹਾ ਗਿਆ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਸੂਬਿਆਂ ਅੰਦਰ ਪਹਿਲਾਂ ਤੋਂ ਹੀ ਆਨਲਾਈਨ ਧਾਰਮਿਕ ਕੈਂਪ ਵੀ ਲਗਾਏ ਜਾ ਰਹੇ ਹਨ। ਹੁਣ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਉਨ੍ਹਾਂ ਦਾ ਧਾਰਮਿਕ ਸਿਲੇਬਸ ਪੂਰਾ ਕਰਨ ਲਈ ਵੀ ਇਹ ਵਿਧੀ ਅਪਣਾਈ ਜਾਵੇਗੀ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਇਕੱਤਰਤਾ ਦੌਰਾਨ ਧਾਰਮਿਕ ਅਧਿਆਪਕਾ ਨੂੰ ਕਿਹਾ ਕਿ ਆ ਰਹੀਆਂ ਸ਼ਤਾਬਦੀਆਂ ਸਬੰਧੀ ਇਤਿਹਾਸ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜਾਵੇ, ਤਾਂ ਜੋ ਉਹ ਆਪਣੇ ਵਿਰਸੇ ਅਤੇ ਸਿੱਖ ਧਰਮ ਇਤਿਹਾਸ ਦੀਆਂ ਸ਼ਤਾਬਦੀਆਂ ਬਾਰੇ ਜਾਗਰੂਕ ਹੋ ਸਕਣ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਸਕੂਲਾਂ, ਕਾਲਜਾਂ ਵਿਚ ਛੁੱਟੀਆਂ ਹੋਣ ਕਰਕੇ ਵਿਦਿਆਰਥੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਕਲਾਸਾਂ ਲਗਾਈਆਂ ਜਾਣ। ਉਨ੍ਹਾਂ ਨੂੰ ਗੁਰਬਾਣੀ, ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਬਾਰੇ ਜਾਣਕਾਰੀ ਦਿੱਤੀ ਜਾਵੇ। ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਬੱਚਿਆਂ ਨਾਲ ਨਿਰੰਤਰ ਰਾਬਤਾ ਕਾਇਮ ਕੀਤਾ ਜਾਵੇ, ਤਾਂ ਜੋ ਉਨ੍ਹਾਂ ਦੀ ਧਾਰਮਿਕ ਸਿਲੇਬਸ ਦੀ ਪੂਰਤੀ ਪ੍ਰਤੀ ਲਗਾਤਾਰਤਾ ਬਣੀ ਰਹੇ। ਇਕੱਤਰਤਾ ਦੌਰਾਨ ਵੱਖ-ਵੱਖ ਧਾਰਮਿਕ ਅਧਿਆਪਕਾਂ ਨੇ ਵੀ ਆਪੋ-ਆਪਣੇ ਸੁਝਾਅ ਤੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਧਾਰਮਿਕ ਅਧਿਆਪਕਾਂ ਤੋਂ ਇਲਾਵਾ ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ, ਸ. ਗੁਰਮੀਤ ਸਿੰਘ ਬੁੱਟਰ, ਪ੍ਰੋ. ਸੁਖਦੇਵ ਸਿੰਘ ਇੰਚਾਰਜ ਧਾਰਮਿਕ ਪ੍ਰੀਖਿਆ, ਸ. ਪਲਵਿੰਦਰ ਸਿੰਘ ਚਿੱਟਾ ਸੁਪ੍ਰਿੰਟੈਂਡੈਂਟ, ਸ. ਗੁਰਪ੍ਰੀਤ ਸਿੰਘ ਸੁਪਰਵਾਈਜ਼ਰ, ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ, ਭਾਈ ਜਗਤਾਰ ਸਿੰਘ ਖੋਦੇਬੇਟ ਆਦਿ ਮੌਜੂਦ ਸਨ।