ਸ਼੍ਰੋਮਣੀ ਕਮੇਟੀ ਦਾ ਉੱਚ ਪੱਧਰੀ ਵਫ਼ਦ 20 ਸਤੰਬਰ ਨੂੰ ਪਾਕਿਸਤਾਨ ਜਾਵੇਗਾ

ਅੰਮ੍ਰਿਤਸਰ 10 ਸਤੰਬਰ – ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਅਸਥਾਨ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜ਼ਿਲ੍ਹਾ ਨਾਰੋਵਾਲ ਦੀ ਕਾਰ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾਣ ‘ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਸ਼ੁਰੂ ਕਰਨ ਲਈ ਭਾਰਤ ਤੋਂ ਉੱਚ ਪੱਧਰੀ ਵਫ਼ਦ 20 ਸਤੰਬਰ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਲਈ ਰਵਾਨਾ ਹੋਵੇਗਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ਾਮ ਸਿੰਘ, ਪਾਕਿਸਤਾਨ ਓਕਾਫ਼ ਬੋਰਡ ਦੇ ਚੇਅਰਮੈਨ ਮੁਹੰਮਦ ਸਦੀਕ ਉਲ ਫਾਰੂਕ, ਪਾਕਿਸਤਾਨ ਪੰਜਾਬ ਤੋਂ ਇਕਲੌਤੇ ਸਿੱਖ ਐਮ.ਪੀ.ਏ ਸ. ਰਮੇਸ਼ ਸਿੰਘ ਅਰੋੜਾ ਅਤੇ ਪਾਕਿਸਤਾਨ ਸਰਕਾਰ ਦੇ ਰਿਣੀ ਹਾਂ।ਜਿਨ੍ਹਾਂ ਨੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਾਕਿਸਤਾਨ ਸਥਿਤ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਕਾਰ ਸੇਵਾ ਕਰਨ ਦਾ ਮੌਕਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਸਾਰ ਭਰ ਦੇ ਸਿੱਖਾਂ ਦੇ ਸਹਿਯੋਗ ਨਾਲ ਕਾਰ ਸੇਵਾ 22 ਸਤੰਬਰ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਮੌਕੇ ਆਰੰਭ ਕਰੇਗੀ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪਾਕਿਸਤਾਨ ਜਾਣ ਵਾਲੇ ਵਫ਼ਦ ਵਿੱਚ ਅੰਤ੍ਰਿਗ ਕਮੇਟੀ ਮੈਂਬਰ, ਚੀਫ਼ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਹੋਰ ਅਧਿਕਾਰੀਆ ਦੇ ਵਫ਼ਦ ਵਿੱਚ ਸ਼ਾਮਿਲ ਹੋਣਗੇ।

ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਬੀਤੇ ਕੱਲ ਪਾਕਿਸਤਾਨ ਤੋਂ ਵਾਪਿਸ ਭਾਰਤ ਪਰਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ਾਮ ਸਿੰਘ ਵੱਲੋਂ ਜੋ ਸੁਝਾਅ ਦਿੱਤੇ ਗਏ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ।ਪਾਕਿਸਤਾਨ ਦੇ ਗੁਰਧਾਮਾਂ ਵਿੱਚ ਭੇਜੇ ਜਾਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਧਾਰਮਿਕ ਸਾਹਿਤ ਦਾ ਮਾਣ ਸਤਿਕਾਰ ਕਾਇਮ ਰੱਖਣ ਲਈ ਅਗਾਂਹ ਤੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਫਾਰਸ਼ ‘ਤੇ ਹੀ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪਾਂ ਨੂੰ ਵੀ ਭਾਰਤ ਲਿਆਉਣ ਦੀ ਸੇਵਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਂਝੇ ਤੌਰ ਤੇ ਸ਼੍ਰੋਮਣੀ ਕਮੇਟੀ ਕਰੇਗੀ

ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ਾਮ ਸਿੰਘ ਵੱਲੋਂ ਦਿੱਤੇ ਇੱਕ ਹੋਰ ਸੁਝਾਅ ਨੂੰ ਵੀ ਸਵੀਕਾਰ ਕਰਦਿਆਂ ਕਿਹਾ ਕਿ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਪਾਕਿਸਤਾਨੀ ਸਿੱਖ ਸੰਗਤਾਂ ਦੇ ਜਥਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਉਣ ਵਾਲੀ ਸ਼ਿਫਾਰਸ ‘ਤੇ ਹੀ ਸੱਦਾ ਪੱਤਰ ਪਾਕਿਸਤਾਨ ਭੇਜਿਆ ਕਰੇਗੀ।